ਚੰਡੀਗੜ੍ਹ :ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਕੀਤੇ ਵਾਅਦੇ ਦੇ ਵਫ਼ਾ ਹੋਣ ਨਾਲ ਜਿੱਥੇ ਕਈ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲਣ ਨਾਲ ਜੀਵਨ ਵਿਚ ਨਵੀਂ ਸ਼ੁਰੂਆਤ ਹੋਈ ਹੈ, ਉਥੇ ਬਹੁਤ ਸਾਰੇ ਨੌਜਵਾਨਾਂ ਨੂੰ ਪ੍ਰੇਰਨਾ ਵੀ ਮਿਲੇਗੀ।
ਬੀਤੇ ਦਿਨੀਂ ਚੰਡੀਗੜ੍ਹ ਸਥਿਤ ਮਿਊਂਸਿਪਲ ਭਵਨ ਵਿਖੇ ਹੋਏ ਸਮਾਗਮ ਦੌਰਾਨ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਨੌਜਵਾਨਾਂ ਦੇ ਚਿਹਰੇ ਤੋਂ ਉਨ੍ਹਾਂ ਦੀ ਖ਼ੁਸ਼ੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਸੀ। ਤਕਨੀਕੀ ਸਿੱਖਿਆ ਵਿਭਾਗ ਵਿਚ ਵਿਚ ਬਤੌਰ ਕਲਰਕ ਨਿਯੁਕਤੀ ਪੱਤਰ ਹਾਸਲ ਕਰਨ ਆਏ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਤਹਿਸੀਲ ਦੇ ਪਿੰਡ ਉੜਦਨ ਦੇ ਰਹਿਣ ਵਾਲੇ ਮਨਦੀਪ ਕੁਮਾਰ ਨੇ ਦੱਸਿਆ ਕਿ ਉਸ ਨੇ 2016 ਵਿੱਚ ਗ੍ਰੈਜੂਏਸ਼ਨ ਮੁਕੰਮਲ ਕੀਤੀ ਸੀ। ਇਸ ਦੌਰਾਨ ਉਸ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ, ਜਿਸ ਕਾਰਨ ਖੇਤੀ ਦਾ ਸਾਰਾ ਕੰਮ ਉਸ ਦੇ ਮੋਢਿਆਂ 'ਤੇ ਆ ਗਿਆ ਸੀ। ਮਨਦੀਪ ਕੁਮਾਰ ਦੀ ਸ਼ੁਰੂ ਤੋਂ ਹੀ ਇੱਛਾ ਸੀ ਪੜ੍ਹਾਈ ਕਰਨ ਮਗਰੋਂ ਪੰਜਾਬ ਵਿਚ ਹੀ ਸਰਕਾਰੀ ਨੌਕਰੀ ਕਰਨੀ ਹੈ ਪਰ ਪਿਤਾ ਦੀ ਮੌਤ ਕਾਰਨ ਉਸ ਨੂੰ ਜ਼ਿਆਦਾ ਸਮਾਂ ਖੇਤੀ ਵਿਚ ਲਗਾਉਣਾ ਪੈਂਦਾ ਸੀ। ਉਸ ਨੇ ਮਿਹਨਤ ਦਾ ਪੱਲਾ ਨਾ ਛੱਡਿਆ ਅਤੇ ਜਦੋਂ ਵੀ ਉਸ ਨੂੰ ਸਮਾਂ ਮਿਲਣਾ ਤਾਂ ਉਸ ਸਰਕਾਰੀ ਨੌਕਰੀ ਲਈ ਨਿਕਲਣ ਵਾਲੇ ਪੇਪਰ ਦੀ ਤਿਆਰੀ ਕਰਨ ਬੈਠ ਜਾਂਦਾ ਸੀ।
ਮਨਦੀਪ ਨੇ ਬੀਤੇ ਸਾਲਾਂ ਵਿੱਚ ਕਈ ਸਰਕਾਰੀ ਨੌਕਰੀਆਂ ਲਈ ਪੇਪਰ ਦਿੱਤੇ ਪਰ ਇਹ ਭਰਤੀ ਪ੍ਰਕਿਰਿਆ ਕੋਰਟ ਕੇਸਾਂ ਜਾਂ ਪੇਪਰ ਲੀਕ ਕਾਰਨ ਮੁਕੰਮਲ ਨਹੀਂ ਹੋ ਸਕਿਆ। ਉਸ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਵਲੋਂ ਸੱਤਾ ਸੰਭਾਲਣ ਮਗਰੋਂ ਸ਼ੁਰੂ ਕੀਤੀ ਸਰਕਾਰੀ ਨੌਕਰੀਆਂ ਲਈ ਭਰਤੀ ਪ੍ਰਕਿਰਿਆ ਨੂੰ ਬਹੁਤ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਹੈ ਅਤੇ ਉਸ ਨੂੰ ਕਲਰਕ ਦੀ ਨੌਕਰੀ ਮਿਲੀ ਹੈ।