ਚੰਡੀਗੜ੍ਹ: ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਬਣਾਏ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੀ ਪੂਰੇ ਐਕਸ਼ਨ ਮੋਡ ਵਿੱਚ ਆ ਚੁੱਕੇ ਹਨ।
ਬ੍ਰਹਮਪੁਰਾ ਨੂੰ ਢੀਂਡਸਾ ਨਾਲੋਂ ਚੰਗਾ ਲੱਗਣ ਲੱਗਿਆ ਭਗਵੰਤ ਮਾਨ, ਗੱਠਜੋੜ ਦਿੱਤੇ ਸੰਕੇਤ ਢੀਂਡਸਾ ਨੂੰ ਪਾਰਟੀ ਨਾ ਬਣਾਉਣ ਬਾਰੇ ਦਿੱਤੀ ਸੀ ਸਲਾਹ
ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਉਨ੍ਹਾਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਨਵੀਂ ਪਾਰਟੀ ਨਾ ਬਣਾਉਣ ਦੀ ਸਲਾਹ ਦਿੱਤੀ ਸੀ ਤੇ ਖੁਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ ਅਸਤੀਫ਼ਾ ਦੇ ਕੇ ਸਿਪਾਹੀ ਦੇ ਤੌਰ 'ਤੇ ਉਨ੍ਹਾਂ ਦੇ ਅਧੀਨ ਕੰਮ ਕਰਨ ਦੀ ਗੱਲ ਵੀ ਆਖੀ ਸੀ ਪਰ ਸੁਖਦੇਵ ਸਿੰਘ ਢੀਂਡਸਾ ਨੇ ਦੋ ਸਾਲਾਂ ਤੋਂ ਸਿਆਸੀ ਸਟੇਜਾਂ 'ਤੇ ਬਾਦਲਾਂ ਖ਼ਿਲਾਫ਼ ਕੀਤੇ ਪ੍ਰਚਾਰ ਤੋਂ ਬਾਅਦ ਵੀ ਆਪਣੀ ਅਲੱਗ ਪਾਰਟੀ ਬਣਾ ਲਈ, ਜਿਸ ਦਾ ਉਨ੍ਹਾਂ ਨੂੰ ਦੁੱਖ ਰਹੇਗਾ। ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਨਾਰਾਜ਼ਗੀ ਢੀਂਡਸਾ ਹੁਣ ਦੂਰ ਨਹੀਂ ਕਰ ਪਾਉਣਗੇ।
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ 'ਚ ਲੜਨਗੇ ਐੱਸਜੀਪੀਸੀ ਦੀ ਚੋਣ
ਬ੍ਰਹਮਪੁਰਾ ਨੇ ਇਹ ਵੀ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਐੱਸਜੀਪੀਸੀ ਦੀ ਚੋਣਾਂ ਵੀ ਲੜੇਗਾ।
ਰਾਮ ਰਾਹੀਮ ਨੂੰ ਮਾਫੀ ਦੇਣਾ ਬਾਦਲ ਪਰਿਵਾਰ ਦਾ ਨਿੱਜੀ ਫੈਸਲਾ
ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਰਾਮ ਰਹੀਮ ਨੂੰ ਮੁਆਫੀ ਦੇਣਾ ਬਾਦਲ ਪਰਿਵਾਰ ਦਾ ਖੁਦ ਦਾ ਫੈਸਲਾ ਸੀ, ਜਿਸ ਬਾਰੇ ਕਿਸੇ ਵੀ ਸੀਨੀਅਰ ਲੀਡਰ ਨੂੰ ਨਹੀਂ ਦੱਸਿਆ ਗਿਆ ਸੀ ਤੇ ਨਾਲ ਹੀ ਕਿਹਾ ਕਿ ਇਹ ਸਾਰਾ ਕੁਝ 2017 ਦੀਆਂ ਚੋਣਾਂ ਦੇ ਵਿੱਚ ਵੋਟਾਂ ਲੈਣ ਖ਼ਾਤਰ ਕੀਤਾ ਗਿਆ ਸੀ। ਬ੍ਰਹਮਪੁਰਾ ਨੇ ਕਿਹਾ ਕਿ ਡੇਰਾ ਸਿਰਸਾ ਕੋਲੋਂ ਵੋਟਾਂ ਲੈਣ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਣੇ ਪਰਮਿੰਦਰ ਸਿੰਘ ਢੀਂਡਸਾ ਵੀ ਮਾਫੀ ਮੰਗ ਕੇ ਆਏ ਸੀ।
ਆਮ ਆਦਮੀ ਪਾਰਟੀ ਇਕੱਲਿਆਂ ਨਹੀਂ ਬਣਾ ਸਕਦੀ ਸਰਕਾਰ
ਬ੍ਰਹਮਪੁਰਾ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦਾ ਸਿਆਸੀ ਅਨੁਮਾਨ ਇਹ ਕਹਿੰਦਾ ਹੈ ਕਿ 2022 ਵਿੱਚ ਤੀਜਾ ਧੜਾ ਸੂਬੇ 'ਚ ਸਰਕਾਰ ਬਣਾਏਗਾ। ਇਸ ਤੋਂ ਇਲਾਵਾ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੂੰ ਮਿਹਨਤੀ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲ੍ਹ ਵੀ ਬਹੁਤ ਲੋਕਾਂ ਦਾ ਝੁਕਾਅ ਹੈ ਪਰ ਆਮ ਆਦਮੀ ਪਾਰਟੀ ਇਕੱਲੀ ਸੂਬੇ ਵਿੱਚ ਸਰਕਾਰ ਨਹੀਂ ਬਣਾ ਸਕਦੀ।
ਇਹ ਵੀ ਪੜੋ: ਮਨਜੀਤ ਸਿੰਘ ਜੀਕੇ ਨੇ ਪਾਕਿ ਐਂਬੈਸੀ ਬਾਹਰ ISI ਵਿਰੁੱਧ ਕੀਤਾ ਪ੍ਰਦਰਸ਼ਨ