ਚੰਡੀਗੜ੍ਹ: ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਸੂਬੇ ਭਰ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਲਗਾਤਾਰ ਘਟਣ ਕਾਰਨ ਖੇਡ ਵਿਭਾਗ ਅਥਲੈਟਿਕ ਖੇਡਾਂ ਲਈ ਖਿਡਾਰੀਆਂ ਦੇ ਸਿਖਲਾਈ ਸੈਸ਼ਨ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਖੇਡ ਮੰਤਰੀ ਨੇ ਕਿਹਾ ਕਿ ਵਿਭਾਗ ਇਸ ਸਮੇਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਦੀ ਆਨਲਾਈਨ ਸਿਖਲਾਈ ਦੇ ਰਿਹਾ ਹੈ ਅਤੇ ਹੁਣ ਅਥਲੀਟਾਂ ਦੀ ਮਾਨਸਿਕ ਤਿਆਰੀ ਸ਼ੁਰੂ ਕੀਤੀ ਗਈ ਹੈ। ਉਨਾਂ ਕਿਹਾ ਕਿ ਵਿਅਕਤੀਗਤ ਖੇਡਾਂ ਲਈ ਮਾਨਸਿਕ ਤਿਆਰੀ ਵਾਸਤੇ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਵੱਡੀ ਗਿਣਤੀ ਖਿਡਾਰੀਆਂ ਦੇ ਆਉਣ ਦੀਆਂ ਰਿਪੋਰਟਾਂ ਮਿਲਣ ਕਾਰਨ ਹੁਣ ਵਿਭਾਗ ਨੇ ਅਥਲੈਟਿਕਸ, ਜੈਵਲਿਨ ਥ੍ਰੋ, ਸ਼ਾਟ ਪੁੱਟ, ਲੰਬੀ ਤੇ ਉੱਚੀ ਛਾਲ, ਵੇਟ ਲਿਫਟਿੰਗ ਵਰਗੀਆਂ ਵਿਅਕਤੀਗਤ ਖੇਡਾਂ ਲਈ ਆਮ ਵਾਂਗ ਪ੍ਰੈਕਟਿਸ ਸੈਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਰਾਣਾ ਸੋਢੀ ਨੇ ਕਿਹਾ ਕਿ ਇਨਾਂ ਖੇਡਾਂ ਵਿੱਚ ਸਿਰਫ਼ ਸਾਮਾਨ ਦੀ ਹੀ ਸਾਂਝੀ ਵਰਤੋਂ ਹੁੰਦੀ ਹੈ ਪਰ ਖਿਡਾਰੀ ਇਕ ਦੂਜੇ ਦੇ ਸਿੱਧੇ ਸੰਪਰਕ ਵਿੱਚ ਨਹੀਂ ਆਉਂਦੇ, ਜਿਸ ਕਾਰਨ ਉਨਾਂ ਨੂੰ ਕੋਰੋਨਾ ਦੀ ਲਾਗ ਲੱਗਣ ਦਾ ਖ਼ਤਰਾ ਘੱਟ ਹੈ।