ਚੰਡੀਗੜ੍ਹ :ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਕਿਸਾਨਾਂ ਦੀ ਖੁਦਕੁਸ਼ੀ ਦੇ ਮੁੱਦੇ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਬਣੀ ਹੋਈ ਹੈ। ਅਪ੍ਰੈਲ ਮਹੀਨੇ ਵਿੱਚ ਹੁਣ ਤੱਕ 14 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਕਰਦੇ ਹੋਏ 'ਆਪ' ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ - "ਮਾਰਚ ਵਿੱਚ ਨਤੀਜੇ ਆਉਣਗੇ। 1 ਅਪ੍ਰੈਲ ਤੋਂ ਬਾਅਦ ਪੰਜਾਬ ਦੇ ਅੰਦਰ ਕਿਸੇ ਨੂੰ ਵੀ ਖੁਦਕੁਸ਼ੀ ਨਹੀਂ ਕਰਨ ਦਿਆਂਗੇ। ਸਾਡੀ ਜ਼ਿੰਮੇਦਾਰੀ ਹੈ।"
ਇਕ ਰਿਪੋਰਟ ਮੁਤਾਬਕ, ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਵੇਰਵਾ :ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਮੁਤਾਬਕ,
- 1 ਅਪ੍ਰੈਲ ਨੂੰ ਗੁਰੂਹਰਸਹਾਏ ਵਿੱਚ 68 ਸਾਲ ਦੇ ਸੁਖਦੇਵ ਸਿੰਘ ਨੇ ਫਾਹਾ ਲਿਆ।
- 2 ਅਪ੍ਰੈਲ ਨੂੰ ਗੁਰਦਾਸਪੁਰ ਵਿੱਚ 40 ਸਾਲਾ ਪ੍ਰਭਵੀਰ ਸਿੰਘ ਅਤੇ ਮੋਗਾ ਦੇ ਅਵਤਾਰ ਸਿੰਘ ਨੇ ਖੁਦਕੁਸ਼ੀ ਕੀਤੀ। ਅਵਤਾਰ ਉੱਤੇ 3 ਲੱਖ ਰੁਪਏ ਦਾ ਕਰਜ਼ਾ ਸੀ।
- 9 ਅਪ੍ਰੈਲ ਨੂੰ ਮੋਗਾ ਦੇ 45 ਸਾਲ ਦੇ ਰਣਜੀਤ ਸਿੰਘ ਨੇ 80 ਲੱਖ ਦੇ ਕਰਜ਼ੇ ਦੇ ਭਾਰ ਤੋਂ ਤੰਗ ਆ ਕੇ ਸਲਫਾਸ ਨਿਗਲ ਲਈ।
- 13 ਅਪ੍ਰੈਲ ਨੂੰ ਜਲੰਧਰ ਦੇ 44 ਸਾਲਾ ਅਮ੍ਰਿਤਪਾਲ ਮਹਿਤਾ ਨੂੰ ਖੁਦਕੁਸ਼ੀ ਕੀਤੀ।
- 14 ਅਪ੍ਰੈਲ ਨੂੰ ਫਾਜ਼ਿਲਕਾ ਦੇ ਪਿੰਡ ਸਾਦਿਕ ਦੇ ਕਾਲਾ ਸਿੰਘ ਅਤੇ ਬਰਨਾਲਾ ਦੇ ਖੇਤ ਮਜ਼ਦੂਰ ਅਮਰਜੀਤ ਸਿੰਘ ਦੀ ਕਰਜ਼ੇ ਕਾਰਨ ਮੌਤ ਹੋ ਗਈ ਸੀ।
- 17 ਅਪ੍ਰੈਲ ਨੂੰ ਕਪੂਰਥਲਾ 'ਚ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ।
- 18 ਅਪ੍ਰੈਲ ਨੂੰ ਬਠਿੰਡਾ ਦੇ ਪਿੰਡ ਬਾਜਕ ਦੇ 38 ਸਾਲ ਦੇ ਰਮਨਦੀਪ ਸਿੰਘ ਦੀ ਕਣਕ ਦੀ ਘੱਟ ਪੈਦਾਵਾਰ ਕਾਰਨ ਮੌਤ ਨੂੰ ਗਲੇ ਲਾ ਲਿਆ।
- ਮਾਨਸਾ ਦੇ 42 ਸਾਲਾ ਮੱਖਣ ਸਿੰਘ ਨੇ 19 ਅਪ੍ਰੈਲ ਨੂੰ ਖੁਦਕੁਸ਼ੀ ਕਰ ਲਈ ਸੀ।
- 20 ਅਪ੍ਰੈਲ ਨੂੰ ਬਠਿੰਡਾ ਦੇ ਪਿੰਡ ਮਾਈਸਰਖਾਨਾ ਦੇ ਜਸਪਾਲ ਸਿੰਘ ਨੇ ਕਣਕ ਦੀ ਪੈਦਾਵਾਰ ਘੱਟ ਹੋਣ ਕਾਰਨ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
- 20 ਅਪ੍ਰੈਲ ਨੂੰ ਹੀ, ਬਠਿੰਡਾ ਦੇ ਮਾਨਸਾ ਖੁਰਦ ਦੇ ਕਿਸਾਨ ਗੁਰਦੀਪ ਸਿੰਘ (28) ਨੇ 3.25 ਲੱਖ ਦਾ ਕਰਜ਼ਾ ਨਾ ਮੋੜਨ ਕਾਰਨ ਖੁਦਕੁਸ਼ੀ ਕਰ ਲਈ।
- 21 ਅਪ੍ਰੈਲ ਨੂੰ ਤਲਵੰਡੀ ਸਾਬੋ ਦੇ ਪਿੰਡ ਭਾਗੀਬੰਦਰ ਦੇ ਰਣਧੀਰ ਸਿੰਘ ਅਤੇ 23 ਅਪ੍ਰੈਲ ਨੂੰ ਹੁਸ਼ਿਆਰਪੁਰ ਦੇ 40 ਸਾਲਾ ਮਨਜੀਤ ਸਿੰਘ ਨੇ ਖੁਦਕੁਸ਼ੀ ਕਰ ਲਈ।
ਰਾਜੇਵਾਲ ਨੇ ਘੇਰੀ ਮਾਨ ਸਰਕਾਰ : ਦੂਜੇ ਪਾਸੇ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਕਿ ਪੁਲਿਸ ਕਰਮਚਾਰੀਆਂ ਦੀ ਤਰਜ਼ ਉੱਤੇ ਮਾਨ ਸਰਕਾਰ ਕਿਸਾਨਾਂ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਦੇਵੇ।
ਰਾਜਾ ਵੜਿੰਗ ਦਾ ਟਵੀਟ : ਟਵੀਟ ਕਰਦਿਆਂ ਰਾਜਾ ਵੜਿੰਗ ਨੇ ਲਿਖਿਆ ਕਿ, "'ਆਪ' ਕਿਸਾਨ ਵਿਰੋਧੀ ਇਤਿਹਾਸ: ਦਿੱਲੀ CM ਦੀ ਮੀਟਿੰਗ 'ਚ ਕਿਸਾਨ ਖੁਦਕੁਸ਼ੀ ਕਰ ਰਿਹਾ ਸੀ, ਕੇਜਰੀਵਾਲ ਸਾਹਿਬ ਭਾਸ਼ਣ ਦਿੰਦੇ ਰਹੇ, ਦਿੱਲੀ ਸਰਕਾਰ ਨੇ ਮੋਦੀ ਜੀ ਦਾ ਕਾਲਾ ਖੇਤੀ ਕਾਨੂੰਨ ਪਾਸ ਕੀਤਾ ਸੀ, ਪੰਜਾਬ ਦੀ 'ਆਪ' ਸਰਕਾਰ ਨੇ 2000 ਕਿਸਾਨਾਂ ਨੂੰ ਹੱਥਕੜੀਆਂ ਲਾਉਣ ਦੇ ਹੁਕਮ ਦਿੱਤੇ ਹਨ, ਪੰਜਾਬ ਸਰਕਾਰ ਦੇ 1 ਮਹੀਨੇ 'ਚ 14 ਕਿਸਾਨਾਂ ਨੇ ਕੀਤੀ ਖੁਦਕੁਸ਼ੀ।"
ਬਿਆਨ ਨੂੰ "ਅਪ੍ਰੈਲ ਫੂਲ" ਕਰਾਰ ਦਿੱਤਾ : 'ਆਪ' ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵਲੋਂ ਦਿੱਤੇ ਇਸ ਬਿਆਨ ਨੂੰ ਲੈ ਕੇ ਹੁਣ ਵਿਰੋਧੀ ਆਮ ਆਦਮੀ ਪਾਰਟੀ ਉੱਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ। ਕਾਂਗਰਸ ਨੇ ਕੇਜਰੀਵਾਲ ਦੇ ਇਸ ਬਿਆਨ ਨੂੰ "ਅਪ੍ਰੈਲ ਫੂਲ" ਕਰਾਰ ਦਿੱਤਾ ਹੈ। ਇਸ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ।
ਨਵਜੋਤ ਸਿੱਧੂ ਦਾ ਟਵੀਟ :ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਰਵਿੰਦਰ ਕੇਜਰੀਵਾਲ ਵਲੋਂ ਦਿੱਤੇ ਬਿਆਨ ਨੂੰ ਸ਼ੇਅਰ ਕਰਦਿਆਂ ਨਿਸ਼ਾਨਾ ਸਾਧਿਆ। ਟਵੀਟ ਕਰਦਿਆਂ ਲਿਖਿਆ ਕਿ, "ਤੁਸੀਂ ਝੂਠ ਬੋਲਣਾ ਕਦੋਂ ਬੰਦ ਕਰੋਗੇ @ਅਰਵਿੰਦ ਕੇਜਰੀਵਾਲ ਜੀ ... ਇਕੱਲੇ 1 ਜ਼ਿਲੇ 'ਚ 7 ਕਿਸਾਨਾਂ ਨੇ ਕੀਤੀ ਖੁਦਕੁਸ਼ੀ, 28 ਜ਼ਿਲਿਆਂ 'ਚ ਕਿਸਾਨਾਂ ਦੀ ਦੁਰਦਸ਼ਾ ਦੀ ਕਲਪਨਾ ਕਰੋ। HV ਤੁਸੀਂ ਇੱਕ ਪਰਿਵਾਰ ਨੂੰ ਮਿਲਣ ਗਏ ਹੋ? ਪੰਜਾਬ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਅਤੇ ਚਿੰਤਾ ਹੁਣ ਕਿੱਥੇ ਹੈ? ਕਿੱਥੇ ਗਿਆ ਕਿਸਾਨਾਂ ਨੂੰ ਮੁਆਵਜ਼ੇ ਦਾ ਵਾਅਦਾ? ਤੁਸੀਂ ਜੋ ਪ੍ਰਚਾਰ ਕਰਦੇ ਹੋ ਉਸ ਦਾ ਅਭਿਆਸ ਕਰੋ..."