ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੁੱਪੀ ਤੋੜ ਕੇ ਮੁੱਖ ਮੰਤਰੀ ਭਗਵੰਤ ਨੂੰ ਟੈਗ ਕਰ ਕੇ ਇਕ ਟਵੀਟ ਜਾਰੀ ਕੀਤਾ ਹੈ। ਰਾਜਾ ਵੜਿੰਗ ਨੇ ਟਵੀਟ ਕਰ ਕੇ ਭਗਵੰਤ ਮਾਨ ਨੂੰ ਸਿੱਧੂ ਦੀ ਰਿਹਾਈ ਨੂੰ ਲੈ ਕੇ ਜਲਦ ਵਿਚਾਰ ਕਰਨ ਤੇ ਇਸ ਨੂੰ ਅਮਲ ਵਿਚ ਲਿਆਉਣ ਲਈ ਦੀ ਮੰਗ ਕੀਤੀ ਹੈ।
ਨਵਜੋਤ ਸਿੱਧੂ ਨੂੰ ਕਾਨੂੰਨ ਉਤੇ ਭਰੋਸਾ :ਨਵਜੋਤ ਸਿੰਘ ਸਿੱਧੂ ਦੇ ਪੁੱਤਰ ਐਡਵੋਕੇਟ ਕਰਨ ਸਿੱਧੂ ਨੇ ਪਿਤਾ ਦੀ ਰਿਹਾਈ ਬਾਰੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਨਵਜੋਤ ਸਿੰਘ ਸਿੱਧੂ ਨੂੰ ਕਾਨੂੰਨ ’ਤੇ ਪੂਰਾ ਭਰੋਸਾ ਹੈ ਤੇ ਉਹ ਜਲਦ ਆਪਣੀ 1 ਸਾਲ ਦੀ ਸਜ਼ਾ ਪੂਰੀ ਹੋਣ ’ਤੇ ਵਾਪਸ ਆਉਣਗੇ। ਉਨ੍ਹਾਂ ਕਿਹਾ ਕਿ ਪਹਿਲਾਂ 26 ਜਨਵਰੀ ਨੂੰ ਉਨ੍ਹਾਂ ਦੀ ਰਿਹਾਈ ਬਾਰੇ ਚਰਚਾ ਹੋਈ ਸੀ ਤੇ ਵੱਡੀ ਗਿਣਤੀ ’ਚ ਉਨ੍ਹਾਂ ਦੇ ਹਮਾਇਤੀਆਂ ਨੇ ਸਵਾਗਤ ਦੀ ਤਿਆਰੀ ਕੀਤੀ ਪਰ ਸਰਕਾਰ ਜਾਂ ਕਾਨੂੰਨੀ ਅੜਚਨਾਂ ਕਾਰਨ ਰਿਹਾਈ ਰੁਕ ਗਈ। ਵੈਸੇ ਤਾਂ ਉਨ੍ਹਾਂ ਦੇ ਪਿਤਾ ਦੀ 80 ਫੀਸਦੀ ਸਜ਼ਾ ਫਰਵਰੀ ਦੇ ਅੰਤ ’ਚ ਪੂਰੀ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਜੇਲ੍ਹ ਸੁਪਰਡੈਂਟ ਚੰਗਾ ਵਿਵਹਾਰ ਤੇ ਆਪਣੀ ਸਿਫਾਰਸ਼ ’ਤੇ 28 ਦਿਨ ਪਹਿਲਾਂ ਰਿਹਾਅ ਕਰ ਸਕਦੇ ਹਨ।