ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 6 ਸਲਾਹਕਾਰਾਂ ਦੀ ਫਾਈਲ ਗਵਰਨਰ ਵੱਲੋਂ ਵਾਪਸ ਭੇਜੇ ਜਾਣ ਦੇ ਮਸਲੇ 'ਤੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਫਾਈਲ ਜਲਦ ਦੁਬਾਰਾ ਗਵਰਨਰ ਕੋਲ ਭੇਜੀ ਜਾਵੇਗੀ।
ਵੇਰਕਾ ਦੇ ਮੁਤਾਬਕ ਇਹ ਸਲਾਹਕਾਰ ਸਿਰਫ਼ ਵਿਧਾਇਕਾਂ ਨੂੰ ਮਿਲਣ ਵਾਲੀ ਤਨਖ਼ਾਹ ਹੀ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਲਾਹਕਾਰਾਂ ਨਾਲ ਸੂਬੇ ਦੇ ਖ਼ਜ਼ਾਨੇ 'ਤੇ ਕੋਈ ਆਰਥਿਕ ਬੋਝ ਨਹੀਂ ਪੈ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਲਾਹਕਾਰਾਂ ਦੀ ਫਾਈਲ ਇੱਕ ਹਫ਼ਤੇ ਦੇ ਅੰਦਰ ਗਵਰਨਰ ਨੂੰ ਦੁਬਾਰਾ ਭੇਜੀ ਜਾਵੇਗੀ।
ਸੂਬੇ 'ਚ ਮਹਿੰਗੀ ਹੋਈ ਬਿਜਲੀ 'ਤੇ ਬੋਲਦਿਆਂ ਵੇਰਕਾ ਨੇ ਕਿਹਾ ਕਿ ਅਕਾਲੀ ਦਲ ਦੇ ਬੀਜੇ ਹੋਏ ਕੰਡਿਆਂ ਕਾਰਨ ਥਰਮਲ ਪਲਾਂਟ ਦੁਬਾਰਾ ਸ਼ੁਰੂ ਨਹੀਂ ਕਰ ਸਕੇ ਜਿਸ ਕਾਰਨ ਬਿਜਲੀ ਦੇ ਰੇਟ ਵੱਧ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅਕਾਲੀ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਅਕਾਲੀਆਂ ਦੀ ਸਰਕਾਰ ਸਮੇਂ 17 ਵਾਰ ਬਿਜਲੀ ਦੇ ਰੇਟ ਵਧੇ ਸਨ।
ਇਹ ਵੀ ਪੜ੍ਹੋ: ਨਾਗਰਿਕਤਾ ਕਾਨੂੰਨ: ਲਖਨਊ ਵਿੱਚ ਇੰਟਰਨੈੱਟ ਮੁੜ ਤੋਂ ਬੰਦ, ਹਿੰਸਾ ਹੋਣ ਦਾ ਹੈ ਖ਼ਦਸ਼ਾ
ਜੱਗੂ ਭਗਵਾਨਪੁਰੀਆ ਤੇ ਸੁਖਜਿੰਦਰ ਰੰਧਾਵਾ ਦੇ ਕਥਿਤ ਨੈਕਸਸ 'ਤੇ ਮਜੀਠੀਆ ਵੱਲੋਂ ਕੀਤੀ ਗਈ ਟਿੱਪਣੀ 'ਤੇ ਬੋਲਦਿਆਂ ਵੇਰਕਾ ਨੇ ਕਿਹਾ ਕਿ ਸੂਬੇ ਵਿੱਚ ਗੈਂਗਸਟਰ ਮਜੀਠੀਆ ਦੀ ਦੇਣ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੱਗੂ ਭਗਵਾਨਪੁਰੀਏ ਦਾ ਸਰੰਡਰ ਵੀ ਮਜੀਠੀਏ ਨੇ ਹੀ ਕਰਵਾਇਆ ਹੈ। ਮਜੀਠੀਆ ਨੂੰ ਕਰੜੇ ਹੱਥੀ ਲੈਂਦਿਆਂ ਵੇਰਕਾ ਨੇ ਕਿਹਾ ਉਸ ਨੂੰ ਤਕਲੀਫ ਇਸ ਕਾਰਨ ਹੁੰਦੀ ਹੈ ਕਿਉਂਕਿ ਉਸ ਦੇ ਗੈਂਗਸਟਰਾਂ ਨੂੰ ਅਸੀਂ ਅੰਦਰ ਕਰ ਰਹੇ ਹਾਂ।