ਚੰਡੀਗੜ੍ਹ (Rail Roko Andolan):ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ 19 ਕਿਸਾਨ-ਮਜ਼ਦੂਰ ਜਥੇਬੰਦੀਆਂ ਦਾ ਰੇਲ ਰੋਕੋ ਅੰਦੋਲਨ ਅੱਜ ਦੂਜੇ ਦਿਨ ਵੀ ਜਾਰੀ ਹੈ। ਪੰਜਾਬ ਭਰ ਵਿੱਚ ਕਿਸਾਨ 28 ਤੋਂ 30 ਸਤੰਬਰ ਤੱਕ ਰੇਲ ਲਾਈਨਾਂ ’ਤੇ ਬੈਠੇ ਹਨ। ਰੇਲਵੇ ਟ੍ਰੈਕ ਜਾਮ ਹੋਣ ਤੋਂ ਬਾਅਦ ਦਿੱਲੀ ਤੋਂ ਅੰਮ੍ਰਿਤਸਰ, ਪਠਾਨਕੋਟ ਤੋਂ ਅੰਮ੍ਰਿਤਸਰ ਅਤੇ ਪੰਜਾਬ ਤੋਂ ਚੰਡੀਗੜ੍ਹ, ਜਲੰਧਰ, ਲੁਧਿਆਣਾ ਤੋਂ ਮੋਗਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਆਦਿ ਦੇ ਸਾਰੇ ਰਸਤੇ ਪੂਰੀ ਤਰ੍ਹਾਂ ਠੱਪ ਹੋ ਗਏ ਹਨ। (Rail Roko Movement)
ਅੱਜ 90 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ: ਟ੍ਰੇਨਾਂ ਦੇ ਚੱਕਾ ਜਾਮ ਕਾਰਨ ਸੈਂਕੜੇ ਯਾਤਰੀ ਪੰਜਾਬ ਦੇ ਰੇਲਵੇ ਸਟੇਸ਼ਨਾਂ 'ਤੇ ਫਸੇ ਹੋਏ ਹਨ। ਬੀਤੇ ਕੱਲ੍ਹ ਵੀਰਵਾਰ ਜਿੱਥੇ ਕਰੀਬ 60 ਟ੍ਰੇਨਾਂ ਇਸ ਰੇਲ ਰੋਕੋ ਅੰਦੋਲਨ ਤੋਂ ਪ੍ਰਭਾਵਿਤ ਹੋਈਆਂ ਤਾਂ ਉਥੇ ਹੀ ਸ਼ੁੱਕਰਵਾਰ ਨੂੰ 90 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ ਹੋਣ ਜਾ ਰਹੀਆਂ ਹਨ। ਜਿਨ੍ਹਾਂ ਵਿੱਚੋਂ 80 ਤੋਂ ਵੱਧ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਦਕਿ ਕੁਝ ਟ੍ਰੇਨਾਂ ਦੇ ਰੂਟ ਤਬਦੀਲ ਕੀਤੇ ਗਏ ਹਨ।
17 ਥਾਵਾਂ ’ਤੇ ਰੇਲਵੇ ਲਾਈਨਾਂ ’ਤੇ ਬੈਠੇ ਕਿਸਾਨ: ਉਤਰ ਭਾਰਤ ਦੀਆਂ 19 ਕਿਸਾਨ ਜਥੇਬੰਦੀਆਂ ਨੇ 17 ਥਾਵਾਂ 'ਤੇ ਰੇਲਵੇ ਟ੍ਰੈਕ ਜਾਮ ਕਰ ਦਿੱਤੇ ਹਨ। ਇਸ ਵਿੱਚ ਮੋਗਾ ਰੇਲਵੇ ਸਟੇਸ਼ਨ, ਅਜੀਤਵਾਲ ਅਤੇ ਡਗਰੂ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ, ਜਲੰਧਰ ਛਾਉਣੀ, ਤਰਨਤਾਰਨ, ਸੰਗਰੂਰ ਦੇ ਸੁਨਾਮ, ਪਟਿਆਲਾ ਦੇ ਨਾਭਾ, ਫ਼ਿਰੋਜ਼ਪੁਰ ਦੀ ਬਸਤੀ ਟੈਂਕਾਂਵਾਲੀ ਅਤੇ ਮੱਲਾਂਵਾਲਾ, ਬਠਿੰਡਾ ਦੇ ਰਾਮਪੁਰਾ ਫੂਲ, ਦੇਵੀਦਾਸਪੁਰਾ ਅਤੇ ਮਜੀਠਾ, ਅੰਮ੍ਰਿਤਸਰ,ਫਾਜ਼ਿਲਕਾ,ਅਹਿਮਦਗੜ੍ਹ, ਮਲੇਰਕੋਟਲਾ ਦੇ ਰੇਲਵੇ ਸਟੇਸ਼ਨ ਸ਼ਾਮਲ ਹਨ। ਕਿਸਾਨਾਂ ਦਾ ਇਹ ਪ੍ਰਦਰਸ਼ਨ 30 ਸਤੰਬਰ ਤੱਕ ਇਸ ਤਰ੍ਹਾਂ ਹੀ ਜਾਰੀ ਰਹੇਗਾ, ਭਾਵ ਭਲਕੇ ਵੀ ਇਸ ਧਰਨੇ ਕਾਰਨ ਟ੍ਰੇਨਾਂ ਪ੍ਰਭਾਵਿਤ ਹੋਣਗੀਆਂ।
50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ:ਕਿਸਾਨਾਂ ਦਾ ਕਹਿਣਾ ਹੈ ਕਿ ਹੜ੍ਹਾਂ ਅਤੇ ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਈ ਕਿਸਾਨਾਂ ਦੀ ਨਾ ਤਾਂ ਗਿਰਦਾਵਰੀ ਹੋਈ ਹੈ ਅਤੇ ਨਾ ਹੀ ਉਨ੍ਹਾਂ ਨੂੰ ਅਜੇ ਤੱਕ ਮੁਆਵਜ਼ਾ ਮਿਲਿਆ ਹੈ। ਜਿਨ੍ਹਾਂ ਨੂੰ ਮੁਆਵਜ਼ਾ ਮਿਲਿਆ ਵੀ ਹੈ ਉਹ ਬਹੁਤ ਘੱਟ ਹਨ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਪੰਜਾਬ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ 50 ਹਜ਼ਾਰ ਕਰੋੜ ਰੁਪਏ ਵੀ ਦੇਵੇ।
ਇਹ ਹਨ ਕਿਸਾਨਾਂ ਦੀਆਂ ਮੰਗਾਂ:ਕਿਸਾਨਾਂ ਦੇ ਰੇਲ ਰੋਕੋ ਅੰਦੋਲਨ 'ਚ 50 ਹਜ਼ਾਰ ਕਰੋੜ ਦੇ ਰਾਹਤ ਪੈਕੇਜ਼ ਦੇ ਨਾਲ-ਨਾਲ ਦਿੱਲੀ ਮੋਰਚੇ ਦੌਰਾਨ ਮੰਨੀ ਗਈ ਐੱਮ.ਐੱਸ.ਪੀ ਗਰੰਟੀ ਕਨੂੰਨ ਬਣਾਉਣ ਦੀ ਅਧੂਰੀ ਮੰਗ ਪੂਰੀ ਕਰਨ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਤੈਅ ਕਰਨ, ਕਿਸਾਨਾਂ ਮਜਦੂਰਾਂ ਦੀ ਪੂਰਨ ਕਰਜ਼ ਮੁਕਤੀ, ਮਨਰੇਗਾ ਤਹਿਤ ਸਾਲ ਦੇ 200 ਦਿਨ ਰੁਜ਼ਗਾਰ, ਪੰਜਾਬ ਸਮੇਤ ਉਤਰੀ ਭਾਰਤ 'ਚ ਸਮੈਕ ਹੈਰੋਇਨ ਵਰਗੇ ਮਾਰੂ ਨਸ਼ਿਆਂ 'ਤੇ ਕੰਟਰੋਲ, ਦਿੱਲੀ ਅੰਦੋਲਨ ਦੌਰਾਨ ਬਣੇ ਕੇਸ ਰੱਦ ਕਰਨ ਅਤੇ ਲਖੀਮਪੁਰ ਕਤਲਕਾਂਡ ਦੇ ਦੋਸ਼ੀਆਂ 'ਤੇ ਕਾਰਵਾਈ, ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਰਹੇ ਸੜਕ ਮਾਰਗਾਂ ਲਈ ਐਕੁਆਇਰ ਕੀਤੀਆਂ ਜਾ ਰਹੀਆਂ ਜਮੀਨਾਂ ਦੇ ਰੇਟ 6 ਗੁਣਾ ਵਾਧਾ ਕਰਕੇ ਦੇਣ ਅਤੇ ਭਾਰਤ ਭਰ ਦੇ ਅਬਾਦਕਾਰ ਕਿਸਾਨਾਂ ਮਜਦੂਰਾਂ ਨੂੰ ਆਬਾਦ ਕੀਤੀਆਂ ਜਮੀਨਾਂ ਦੇ ਪੱਕੇ ਮਾਲਕੀ ਹੱਕ ਦੇਣ ਦੀਆਂ ਮੰਗਾਂ ਨੂੰ ਲੈ ਕੇ ਭਾਰਤ ਪੱਧਰੀ ਰੇਲ ਰੋਕੋ ਮੋਰਚੇ ਦੀ ਪੰਜਾਬ ਤੋਂ ਸ਼ੁਰੂਆਤ ਕੀਤੀ ਗਈ ਹੈ।
ਅੰਮ੍ਰਿਤਸਰ-ਨਵੀਂ ਦਿੱਲੀ ਰੂਟ 'ਤੇ ਚੱਲਣ ਵਾਲੀਆਂ ਟ੍ਰੇਨਾਂ ਦੀ ਸਥਿਤੀ: 12014-ਅੰਮ੍ਰਿਤਸਰ ਨਵੀਂ ਦਿੱਲੀ ਸ਼ਤਾਬਦੀ ਲੁਧਿਆਣਾ ਤੋਂ ਚਲਾਈ ਗਈ। 12716-ਅੰਮ੍ਰਿਤਸਰ ਨਾਂਦੇੜ ਸੱਚਖੰਡ ਐਕਸਪ੍ਰੈਸ ਅੰਬਾਲਾ ਤੋਂ ਚਲਾਈ ਗਈ। 12498-ਸ਼ਾਨ-ਏ-ਪੰਜਾਬ ਨੂੰ ਲੁਧਿਆਣਾ ਤੋਂ ਰਵਾਨਾ ਕੀਤਾ ਜਾਵੇਗਾ। 12460-ਅੰਮ੍ਰਿਤਸਰ-ਨਵੀਂ ਦਿੱਲੀ ਸੁਪਰਫਾਸਟ ਰੱਦ ਕਰ ਦਿੱਤੀ ਗਈ। 12926-ਅੰਮ੍ਰਿਤਸਰ ਮੁੰਬਈ ਸੈਂਟਰਲ ਨੂੰ ਚੰਡੀਗੜ੍ਹ ਤੋਂ ਰਵਾਨਾ ਕੀਤਾ ਗਿਆ। ਜਦੋਂ ਕਿ ਰੇਲ ਗੱਡੀ 16788 ਸ਼੍ਰੀ ਮਾਂ ਵੈਸ਼ਨੋ ਦੇਵੀ ਤੋਂ ਤੇਰੁਨਵਿਲੀ ਜਾਣ ਵਾਲੀ ਟ੍ਰੇਨ ਨੂੰ ਪਠਾਨਕੋਟ ਤੋਂ ਜਲੰਧਰ, ਲੁਧਿਆਣਾ, ਸਾਹਨੇਵਾਲ ਤੋਂ ਸਰਹਿੰਦ ਲਈ ਰਵਾਨਾ ਕੀਤੀ ਜਾਵੇਗੀ।
ਇਹ ਟ੍ਰੇਨਾਂ ਹੋਣਗੀਆਂ ਸ਼ਾਰਟ ਟ੍ਰਮੀਨੇਟ:ਇਸ ਦੇ ਨਾਲ ਹੀ 13006 ਅੰਮ੍ਰਿਤਸਰ ਹਾਵੜਾ ਨੂੰ ਲੁਧਿਆਣਾ ਤੋਂ ਰਵਾਨਾ ਕੀਤਾ ਜਾਵੇਗਾ। 19614 ਅੰਮ੍ਰਿਤਸਰ ਤੋਂ ਅਜਮੇਰ ਨੂੰ ਮੱਧ ਪ੍ਰਦੇਸ਼ ਦੇ ਨਿਵਾਰ 'ਚ ਸ਼ਾਰਟ ਟ੍ਰਮੀਨੇਟ ਕੀਤਾ ਜਾਵੇਗਾ। 19611 ਅੰਮ੍ਰਿਤਸਰ ਤੋਂ ਅਜਮੇਰ ਨੂੰ ਨਿਵਾਰ ਤੋਂ ਰਵਾਨਾ ਕੀਤਾ ਜਾਵੇਗਾ। 13005 ਹਾਵੜਾ ਅੰਮ੍ਰਿਤਸਰ ਨੂੰ ਲੁਧਿਆਣਾ ਵਿਖੇ ਸ਼ਾਰਟ ਟ੍ਰਮੀਨੇਟ ਕੀਤਾ ਜਾਵੇਗਾ। 19223 ਅਹਿਮਦਾਬਾਦ- ਜੰਮੂ ਤਵੀ ਨੂੰ ਬਠਿੰਡਾ ਤੋਂ ਰਵਾਨਾ ਕੀਤਾ ਜਾਵੇਗਾ। (Rail Roko Andolan)