ਚੰਡੀਗੜ੍ਹ: ਸੂਤਰਾਂ ਮੁਤਾਬਿਕ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਵਾਂ ਬੋਦਲਾ ਵਿੱਚ ਸਤਨਾਮ ਸਿੰਘ ਪੁੱਤਰ ਹਰਬੰਸ ਸਿੰਘ ਦੇ ਘਰ ਛਾਪਾ ਮਾਰਿਆ ਅਤੇ ਸਤਨਾਮ ਸਿੰਘ ਦੇ ਘਰ ਦੀ ਤਲਾਸ਼ੀ ਲਈ ਗਈ। ਸਵੇਰੇ 6 ਵਜੇ ਤੋਂ ਰਾਤ 9.15 ਵਜੇ ਤੱਕ ਚੱਲੀ ਇਸ ਛਾਪੇਮਾਰੀ ਵਿੱਚ ਸਤਨਾਮ ਸਿੰਘ ਦਾ ਮੋਬਾਈਲ ਫ਼ੋਨ ਐੱਨਆਈਏ ਦੀ ਟੀਮ ਨੇ ਜ਼ਬਤ ਕਰ ਲਿਆ ਹੈ। ਸਤਨਾਮ ਸਿੰਘ ਨੂੰ ਪੁੱਛਗਿੱਛ ਲਈ 7 ਅਗਸਤ ਨੂੰ ਦਿੱਲੀ ਸਥਿਤ ਕੌਮੀ ਜਾਂਚ ਏਜੰਸੀ ਐਨਆਈਏ ਦਫ਼ਤਰ ਵਿੱਚ ਪੇਸ਼ ਹੋਣ ਲਈ ਬੁਲਾਇਆ ਗਿਆ ਹੈ।
ਇਸ ਤੋਂ ਇਲਾਵਾ ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਧੂਰਕੋਟ ਰੰਸੀਹ ਵਿਖੇ ਵੀ NIA ਨੇ ਰੇਡ ਕੀਤੀ। ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ NIA ਵੱਲੋਂ ਇਹ ਰੇਡ ਜਸਵਿੰਦਰ ਸਿੰਘ ਦੇ ਘਰ ਹੋਈ ਹੈ ਉਹ ਪਰਿਵਾਰ ਕਾਫ਼ੀ ਲੰਬੇ ਸਮੇਂ ਤੋਂ ਇਸ ਪਿੰਡ ਵਿੱਚ ਰਹਿ ਰਿਹਾ ਹੈ। ਇਸ ਪਰਿਵਾਰ ਦਾ ਪਿਛੋਕੜ ਮੋਗਾ ਦੇ ਪਿੰਡ ਰੋਡੇ ਤੋਂ ਦੱਸਿਆ ਜਾ ਰਿਹਾ ਹੈ,ਪਰ ਇਸ ਸੰਬੰਧ ਵਿੱਚ ਹਜੇ ਤੱਕ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ।
ਬਰਨਾਲਾ 'ਚ ਵੀ ਐੱਨਆਈਏ ਦੀ ਕਾਰਵਾਈ: ਦੱਸ ਦਈਏ ਐੱਨਆਈਏ ਦੀ ਟੀਮ ਨੇ ਬਰਨਾਲਾ ਦੇ ਪਿੰਡ ਪੰਧੇਰ ਵਿੱਚ ਕਿਸਾਨ ਭੋਲਾ ਸਿੰਘ ਦੇ ਘਰ ਸਵੇਰੇ 5 ਵਜੇ ਜਾਂਚ ਲਈ ਪਹੁੰਚੀ ਕੀਤੀ। ਐੱਨਆਈਏ ਦੀ ਰੇਡ ਪੂਰੀ ਤਰ੍ਹਾਂ ਨਾਲ ਗੁਪਤ ਰੱਖੀ ਗਈ ਸੀ। ਸੂਤਰਾਂ ਅਨੁਸਾਰ ਪਿਛਲੇ ਦਿਨੀਂ ਇੰਗਲੈਂਡ ਵਿੱਚ ਖਾਲਿਸਤਾਨੀਆਂ ਵੱਲੋਂ ਭਾਰਤੀ ਅੰਬੈਂਸੀ ਅੱਗੇ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਵਿੱਚ ਸੁਰਿੰਦਰ ਸਿੰਘ ਮੋਹਰੀ ਭੂਮਿਕਾ ਵਿੱਚ ਰਿਹਾ ਹੈ, ਇਸੇ ਸਬੰਧੀ ਵਿੱਚ ਐਨਆਈਏ ਟੀਮ ਨੇ ਸੁਰਿੰਦਰ ਸਿੰਘ ਦੇ ਪਰਿਵਾਰ ਨਾਲ ਪਿੰਡ ਪੰਧੇਰ ਪਹੁੰਚ ਕੇ ਗੱਲਬਾਤ ਕੀਤੀ ਹੈ। ਐਨਆਈਏ ਦੀ ਅੱਜ ਦੀ ਰੇਡ ਦੌਰਾਨ ਲੋਕਲ ਪੁਲਿਸ ਅਤੇ ਸੀਆਈਡੀ ਵਿਭਾਗ ਦੇ ਅਧਿਕਾਰੀ ਵੀ ਘਰ ਵਿੱਚ ਦਾਖ਼ਲ ਨਹੀਂ ਹੋਣ ਦਿੱਤੇ ਗਏ। ਐਨਆਈਏ ਦੀ ਟੀਮ ਸਵੇਰੇ 5 ਵਜੇ ਆਈ ਅਤੇ 2 ਘੰਟੇ ਬਾਅਦ ਹੀ ਵਾਪਸ ਚਲੀ ਗਈ।
ਜ਼ਰੂਰੀ ਦਸਤਾਵੇਜ਼ਾਂ ਅਤੇ ਹੋਰ ਚੀਜ਼ਾਂ ਦੀ ਜਾਂਚ: ਇਸ ਤੋਂ ਇਲਾਵਾ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਅਤੇ ਸੀਆਈਕੇ (ਕਸ਼ਮੀਰ ਦੀ ਕਾਊਂਟਰ ਇੰਟੈਲੀਜੈਂਸ) ਨੇ ਪੁਲਵਾਮਾ ਅਤੇ ਸ਼ੋਪੀਆਂ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਅੱਤਵਾਦੀ ਗਤੀਵਿਧੀਆਂ ਅਤੇ ਅੱਤਵਾਦੀ ਫੰਡਿੰਗ ਦੇ ਮਾਮਲਿਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਰਾਸ਼ਟਰੀ ਜਾਂਚ ਏਜੰਸੀ ਨੇ ਪੁਲਵਾਮਾ ਜ਼ਿਲ੍ਹੇ ਦੇ ਰਹਿਮੋ ਇਲਾਕੇ ਵਿੱਚ ਮੁਹੰਮਦ ਅਸ਼ਰਫ਼ ਦੇ ਘਰ ਛਾਪਾ ਮਾਰਿਆ ਹੈ। ਇਸ ਦੌਰਾਨ NIA ਅਤੇ CIK ਦੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਦੀ ਤਲਾਸ਼ੀ ਲਈ ਅਤੇ ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਸਮਾਨ ਦੀ ਜਾਂਚ ਕੀਤੀ। ਜਾਣਕਾਰੀ ਮੁਤਾਬਕ ਦਰਬਗਾਮ ਇਲਾਕੇ 'ਚ ਹਿਲਾਲ ਅਹਿਮਦ ਡਾਰ ਦੇ ਘਰ 'ਤੇ ਛਾਪੇਮਾਰੀ ਕੀਤੀ ਗਈ ਹੈ, ਜਦਕਿ ਕਰੀਮਾਬਾਦ ਇਲਾਕੇ 'ਚ ਵਸੀਮ ਫਰੋਜ਼ ਅਤੇ ਇਨਾਇਤੁੱਲਾ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਜਿੱਥੇ ਜ਼ਰੂਰੀ ਦਸਤਾਵੇਜ਼ਾਂ ਅਤੇ ਹੋਰ ਚੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਅੱਤਵਾਦੀ ਫੰਡਿੰਗ ਦੀ ਸੂਚਨਾ:ਦੱਸ ਦੇਈਏ ਕਿ ਇਹ ਛਾਪੇਮਾਰੀ ਜੰਮੂ-ਕਸ਼ਮੀਰ ਪੁਲਿਸ ਅਤੇ ਸੀਆਰਪੀਐਫ ਦੀ ਮਦਦ ਨਾਲ ਕੀਤੀ ਗਈ ਹੈ, ਜੋ ਅੱਜ ਸਵੇਰੇ ਸ਼ੁਰੂ ਹੋਈ। ਹਾਲਾਂਕਿ, ਕਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦਰਅਸਲ, NIA ਅਤੇ CIK ਦੇ ਅਧਿਕਾਰੀਆਂ ਨੂੰ ਅੱਤਵਾਦੀ ਗਤੀਵਿਧੀਆਂ ਅਤੇ ਅੱਤਵਾਦੀ ਫੰਡਿੰਗ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਛਾਪੇਮਾਰੀ ਕੀਤੀ।