ਚੰਡੀਗੜ੍ਹ:ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਤਕਰਾਰ ਜਾਰੀ ਹੈ। ਇਸੇ ਤਕਰਾਰ ਵਿਚਾਲੇ ਰਾਹੁਲ ਗਾਂਧੀ ਅੰਮ੍ਰਿਤਸਰ ਦੌਰੇ ਉੱਤੇ ਆ ਰਹੇ ਹਨ, ਜਿੱਥੇ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਹਾਲਾਂਕਿ ਦੋਵਾਂ ਪਾਰਟੀਆਂ ਵਿਚਾਲੇ ਚੱਲ ਰਹੀ ਸਿਆਸੀ ਖਿੱਚੋਤਾਣ ਦਰਮਿਆਨ ਰਾਹੁਲ ਗਾਂਧੀ ਦਾ ਅੰਮ੍ਰਿਤਸਰ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਪਰ ਉਥੇ ਹੀ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦਾ ਇਹ ਦੌਰਾ ਨਿੱਜੀ ਹੈ। ਇਸ ਪੂਰੇ ਦੌਰੇ ਦੌਰਾਨ ਕੁਝ ਹੀ ਸੀਨੀਅਰ ਆਗੂ ਉਨ੍ਹਾਂ ਦੇ ਆਸ-ਪਾਸ ਰਹਿਣ ਵਾਲੇ ਹਨ।
ਸੇਵਾ ਕਰਨ ਦੀ ਪ੍ਰਗਟਾਈ ਇੱਛਾ:ਰਾਹੁਲ ਗਾਂਧੀ ਨੇ ਵੀ ਆਪਣੀ ਨਿੱਜੀ ਫੇਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਦੀ ਇੱਛਾ ਪ੍ਰਗਟਾਈ ਹੈ। ਉਹ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿੱਚ ਬਰਤਨਾਂ ਦੀ ਸੇਵਾ ਕਰ ਸਕਦੇ ਹਨ। ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਵੀ ਸਖ਼ਤ ਕੀਤੇ ਗਏ ਹਨ।
ਗਠਜੋੜ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਆ ਰਹੇ ਹਨ ਪੰਜਾਬ:I.N.D.I.A ਗਠਜੋੜ ਦੇ ਐਲਾਨ ਤੋਂ ਬਾਅਦ ਰਾਹੁਲ ਗਾਂਧੀ ਪਹਿਲੀ ਵਾਰ ਪੰਜਾਬ ਆ ਰਹੇ ਹਨ। ਰਾਹੁਲ ਗਾਂਧੀ ਸਵੇਰੇ ਕਰੀਬ 10 ਵਜੇ ਅੰਮ੍ਰਿਤਸਰ ਪਹੁੰਚ ਰਹੇ ਹਨ। ਜਿਸ ਤੋਂ ਬਾਅਦ ਉਹ ਸਿੱਧਾ ਹਰਿਮੰਦਰ ਸਾਹਿਬ ਜਾਣਗੇ। ਇਸ ਤੋਂ ਪਹਿਲਾਂ ਜਨਵਰੀ 'ਚ ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਹਰਿਮੰਦਰ ਸਾਹਿਬ ਗਏ ਸਨ। ਭਾਵੇਂ ਭਾਰਤ ਜੋੜਾ ਯਾਤਰਾ ਦੌਰਾਨ ਅੰਮ੍ਰਿਤਸਰ ਨੂੰ ਉਨ੍ਹਾਂ ਦੇ ਰੂਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ, ਪਰ ਫਿਰ ਵੀ ਉਹ ਪੰਜਾਬ ਵਿੱਚ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਅਚਾਨਕ ਅੰਮ੍ਰਿਤਸਰ ਪਹੁੰਚ ਗਏ ਸਨ। ਉਦੋਂ ਵੀ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਹੀ ਮੱਥਾ ਟੇਕਿਆ ਸੀ।
I.N.D.I.A ਗਠਜੋੜ ਦੇ ਹੱਕ ਵਿੱਚ ਨਹੀਂ ਹਨ ਪੰਜਾਬ ਦੇ ਕਾਂਗਰਸੀ ਆਗੂ: ਦਰਅਸਲ, ਆਮ ਆਦਮੀ ਪਾਰਟੀ ਅਤੇ ਕਾਂਗਰਸ ਰਾਸ਼ਟਰੀ ਪੱਧਰ 'ਤੇ ਬਣੇ ਵਿਰੋਧੀ ਧਿਰ ਦੇ I.N.D.I.A ਗਠਜੋੜ ਦਾ ਹਿੱਸਾ ਹਨ। ਪਰ ਪੰਜਾਬ ਦੇ ਕਾਂਗਰਸੀ ਆਗੂ ‘ਆਪ’ ਨਾਲ ਗਠਜੋੜ ਦੇ ਹੱਕ ਵਿੱਚ ਨਹੀਂ ਹਨ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ‘ਆਪ’ ਨਾਲ ਗਠਜੋੜ ਦਾ ਸਮਰਥਨ ਕੀਤਾ ਹੈ। (INDIA Alliance)