ਮੋਹਾਲੀ:ਮੋਹਾਲੀ ਵਿੱਚ ਚੱਲ ਰਹੇ ਬੰਦੀ ਸਿੰਘਾਂ ਲਈ ਇਨਸਾਫ਼ ਮੋਰਚੇ ਦੇ 31 ਮੈਂਬਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਵਲੋਂ ਸੀਐੱਮ ਭਗਵੰਤ ਮਾਨ ਦੀ ਚੰਡੀਗੜ੍ਹ ਵਿਖੇ ਰਿਹਾਇਸ਼ ਦਾ ਘੇਰਾਓ ਕਰਨਾ ਸੀ। ਇਸ ਦੌਰਾਨ ਪੁੁਲਿਸ ਅਤੇ ਮੋਰਚੇ ਵਿਚਕਾਰ ਤਣਾਅ ਵਾਲੀ ਸਥਿਤੀ ਵੀ ਬਣੀ। ਪੁਲਿਸ ਨੇ ਉਕਤ ਜਥੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਜਥੇ ਦੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਹਾਲਾਂਕਿ ਮੋਰਚੇ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰਦੀ, ਇਹ ਮੋਰਚਾ ਜਾਰੀ ਰਹੇਗਾ।
ਮੋਰਚੇ ਨੇ ਕੀਤਾ ਐਲਾਨ:ਇਹ ਵੀ ਜ਼ਿਕਰਯੋਗ ਹੈ ਕਿ ਮੋਹਾਲੀ-ਚੰਡੀਗੜ੍ਹ ਬਾਰਡਰ ਉਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ। ਮੋਰਚੇ ਵਿਚ ਸ਼ਾਮਲ ਸੰਗਤ ਨੇ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਕੋਈ ਫੈਸਲਾ ਨਹੀਂ ਕਰਦੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਦੀ ਇਹ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ। ਸੰਗਤ ਨੇ ਸਰਕਾਰ ਨੂੰ ਬਿਨ੍ਹਾਂ ਦੇਰੀ ਇਸ ਮਾਮਲੇ ਨੂੰ ਸੁਲਝਾਉਣ ਦੀ ਬੇਨਤੀ ਵੀ ਕੀਤੀ ਹੈ।
ਪੁਲਿਸ ਨੇ ਕੀਤੇ ਕਰੜੇ ਸੁਰੱਖਿਆ ਪ੍ਰਬੰਧ:ਮੋਰਚੇ ਦੇ 31 ਮੈਂਬਰਾਂ ਦੇ ਜਥੇ ਵੱਲੋਂ ਟਰੈਕਟਰਾਂ ਉਤੇ ਸਵਾਰ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਕੂਚ ਕੀਤਾ ਗਿਆ। ਵਡਾਲੀ ਪਿੰਡ ਦਾ ਜਥਾ ਰੇਸ਼ਮ ਸਿੰਘ ਵਡਾਲੀ ਦੀ ਅਗਵਾਈ ਵਿੱਚ ਇਹ ਜਥਾ ਮੁੱਖ ਮੰਤਰੀ ਰਿਹਾਇਸ਼ ਵੱਲ ਤੁਰਿਆ। ਹਾਲਾਂਕਿ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਚੰਡੀਗੜ੍ਹ ਬਾਰਡਰ ਉਤੇ ਅਰਦਾਸ ਕਰ ਕੇ ਇਹ ਜਥਾ ਰਵਾਨਾ ਹੋਇਆ। ਇਸ ਦੌਰਾਨ "ਬੰਦੀ ਸਿੰਘਾਂ ਨੂੰ ਰਿਹਾ ਕਰਨ ਦੇ ਨਾਅਰੇ ਵੀ ਗੂੰਜਦੇ ਰਹੇ।
ਇਹ ਵੀ ਪੜ੍ਹੋ :Bandi Singh Rihai Morcha: ਕੌਮੀ ਇਨਸਾਫ਼ ਮੋਰਚੇ ਵਿਚ ਪਹੁੰਚੇ ਅੰਮ੍ਰਿਤਪਾਲ ਸਿੰਘ, ਨੌਜਵਾਨਾਂ ਨੂੰ ਲਾਇਆ ਇਹ ਸੁਨੇਹਾ...
ਸਰਕਾਰ ਦਾ ਸਿੱਖ ਵਿਰੋਧੀ ਚਿਹਰਾ:ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰਾਂ ਵੱਲੋਂ ਬਲਾਤਕਾਰੀਆਂ, ਕਾਤਲਾਂ ਤੇ ਬੇਅਦਬੀਆਂ ਦੇ ਮੁਲਜ਼ਮਾਂ ਨੂੰ ਪੈਰੋਲ ਤੇ ਜ਼ਮਾਨਤਾਂ ਮਿਲ ਸਕਦੀਆਂ ਹਨ ਤਾਂ ਫਿਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹਰ ਵਾਰ ਸਰਕਾਰ ਚੁੱਪ ਕਿਉਂ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਕੇ ਸਰਕਾਰ ਆਪਣਾ ਸਿੱਖ ਵਿਰੋਧੀ ਚਿਹਰਾ ਦਿਖਾ ਰਹੀ ਹੈ।