ਚੰਡੀਗੜ੍ਹ: ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਹਾਲੀ ਵਿਚ ਲੱਗੇ ਕੌਮੀ ਇਨਸਾਫ਼ ਮੋਰਚੇ ਵੱਲੋਂ ਮੁੜ ਚੰਡੀਗੜ੍ਹ ਵੱਲ ਵਧਣ ਦੀ ਕੋਸ਼ਿਸ਼ ਕੀਤੀ ਗਈ। ਅੱਜ ਚੌਥੇ ਦਿਨ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਜਾਣ ਦੀ ਕੋਸ਼ਿਸ਼ ਕੀਤੀ ਪਰ ਚੰਡੀਗੜ੍ਹ ਬਾਰਡਰ 'ਤੇ ਰੋਕ ਲਿਆ ਗਿਆ। ਅੱਜ ਕੌਮੀ ਇਨਸਾਫ਼ ਮੋਰਚਾ ਦੇ 31 ਮੈਂਬਰ ਆਪਣੀ ਕੋਸ਼ਿਸ਼ ਦੇ ਹਿੱਸੇ ਵਜੋਂ ਮੁੱਖ ਮੰਤਰੀ ਨਿਵਾਸ ਜਾਣਾ ਚਾਹੁੰਦੇ ਹਨ। ਹਾਲਾਂਕਿ ਕੱਲ੍ਹ ਦੇ ਹੰਗਾਮੇ ਤੋਂ ਬਾਅਦ ਅੱਜ ਪ੍ਰਦਰਸ਼ਨਕਾਰੀ ਸ਼ਾਂਤ ਹੋਏ ਹਨ। ਉਹ ਬੈਰੀਕੇਡ ਅੱਗੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ।
ਗ੍ਰਿਫਤਾਰ ਆਗੂਆਂ ਦੀ ਅੱਜ ਹੋਵੇਗੀ ਪੇਸ਼ੀ:ਚੰਡੀਗੜ੍ਹ ਬਾਰਡਰ 'ਤੇ ਕੱਲ੍ਹ ਕੌਮੀ ਇਨਸਾਫ਼ ਮੋਰਚਾ ਅਤੇ ਪੁਲਿਸ ਵਿਚਾਲੇ ਹੋਈ ਝੜਪ ਦੇ ਸਬੰਧ 'ਚ ਚੰਡੀਗੜ੍ਹ ਪੁਲਿਸ ਨੇ 17 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। 7 ਪ੍ਰਬੰਧਕਾਂ ਸਮੇਤ ਇੱਕ ਅਣਪਛਾਤੇ 'ਤੇ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ਵਿੱਚ ਲਿਖਿਆ ਗਿਆ ਹੈ ਕਿ 12 ਖਾਲਿਸਤਾਨ ਪੱਖੀ ਜਥੇਬੰਦੀਆਂ ਨੇ ਧਰਨਾ ਦਿੱਤਾ ਹੈ। ਡਿਊਟੀ ਮੈਜਿਸਟ੍ਰੇਟ ਦੇ ਹੁਕਮਾਂ 'ਤੇ ਬਲ ਵਰਤ ਕੇ ਗੁਰਚਰਨ ਸਿੰਘ ਧਰਮੀ ਪਿਤਾ, ਬਲਵਿੰਦਰ ਸਿੰਘ, ਅਮਰ ਸਿੰਘ ਚਹਿਲ ਸਮੇਤ ਕੁੱਲ 8 'ਤੇ ਐਫਆਈਆਰ ਦਰਜ ਹੋਈ ਹੈ।ਮੋਹਾਲੀ ਬਾਰਡਰ ਉਤੇ ਹਿੰਸਾ ਕਰਨ ਵਾਲੇ ਮੁਲਜ਼ਮਾਂ ਦੀ ਅੱਜ ਅਦਾਲਤ ਵਿਚ ਪੇਸ਼ੀ ਹੋਵੇਗੀ। ਬੁੱਧਵਾਰ ਨੂੰ ਮੋਰਚੇ ਵੱਲੋਂ ਚੰਡੀਗੜ੍ਹ ਵਿਚ ਦਾਖਲ ਹੋਣ ਲਈ ਪੁਲਿਸ ਨਾਲ ਝੜਪ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਦੇ ਵਾਟਰ ਕੈਨਨ ਉਤੇ ਕਬਜ਼ਾ ਕਰ ਲਿਆ ਤੇ ਨਾਲ ਹੀ ਪੁਲਿਸ ਦੀਆਂ ਬੁਲੇਟ ਸ਼ੀਲਡ ਤੇ ਹੈਲਮਟ ਖੋਹ ਲਏ।
ਚੰਡੀਗੜ੍ਹ ਪੁਲਿਸ ਨੇ ਇਨ੍ਹਾਂ ਧਾਰਾਵਾਂ ਤਹਿਤ ਦਰਜ ਕੀਤਾ ਕੇਸ:ਚੰਡੀਗੜ੍ਹ ਪੁਲਿਸ ਨੇ ਦੰਗਾ ਭੜਕਾਉਣ, ਹਥਿਆਰਾਂ ਨਾਲ ਭੜਕਾਉਣ, ਗੈਰਕਾਨੂੰਨੀ ਇਕੱਠ ਕਰਨ, ਸਰਕਾਰੀ ਕਰਮਚਾਰੀ ਨੂੰ ਡਿਊਟੀ ਵਿੱਚ ਰੁਕਾਵਟ ਪਾਉਣ, ਜਨਤਕ ਹੁਕਮਾਂ ਦੀ ਉਲੰਘਣਾ ਕਰਨ, ਆਪਣੀ ਮਰਜ਼ੀ ਨਾਲ ਡਿਊਟੀ ’ਤੇ ਮੌਜੂਦ ਸਰਕਾਰੀ ਕਰਮਚਾਰੀ ਨੂੰ ਨੁਕਸਾਨ ਪਹੁੰਚਾਉਣ, ਕਤਲ ਕਰਨ ਦੀ ਕੋਸ਼ਿਸ਼, ਡਕੈਤੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਡਕੈਤੀ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਅਪਰਾਧਿਕ ਸਾਜ਼ਿਸ਼ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਕੇਸ:ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਵਿੱਚ ਜਗਤਾਰ ਸਿੰਘ ਹਵਾਰਾ ਦੇ ਗੌਡਫਾਦਰ ਗੁਰਚਰਨ ਸਿੰਘ, ਬਲਵਿੰਦਰ ਸਿੰਘ, ਅਮਰ ਸਿੰਘ ਚਾਹਲ, ਦਿਲਸ਼ੇਰ ਸਿੰਘ ਜੰਡਿਆਲਾ, ਜਸਵਿੰਦਰ ਸਿੰਘ ਰਾਜਪੁਰਾ, ਰੁਪਿੰਦਰਜੀਤ ਸਿੰਘ ਆਦਿ ਸ਼ਾਮਲ ਹਨ। ਸੈਕਟਰ 34 ਥਾਣੇ ਦੇ ਐਸਐਚਓ ਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਐਫਆਈਆਰ ਮੁਤਾਬਿਕ ਹਮਲਾਵਰਾਂ ਨੇ ਚੰਡੀਗੜ੍ਹ ਪੁਲਿਸ ਦੇ 20 ਬੈਰੀਕੇਡ ਲੁੱਟ ਲਏ। ਇਸ ਤੋਂ ਇਲਾਵਾ ਵਜਰਾ ਕਾਰ 'ਚੋਂ ਅੱਥਰੂ ਗੈਸ ਹੈਂਡ ਗੰਨ ਅਤੇ ਗੋਲਾ ਬਾਰੂਦ ਵੀ ਲੁੱਟਿਆ ਗਿਆ। ਰੈਪਿਡ ਐਕਸ਼ਨ ਫੋਰਸ ਦੀ ਗੱਡੀ ਅਤੇ ਹੋਰ ਵਾਹਨਾਂ ਤੋਂ ਵੀ ਕਾਫੀ ਸਾਮਾਨ ਲੁੱਟ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ।
ਮੋਹਾਲੀ ਪੁਲਿਸ ਨੇ ਵੀ ਦਰਜ ਕੀਤਾ ਕੇਸ:ਜਾਣਕਾਰੀ ਅਨੁਸਾਰ ਇਸ ਹਿੰਸਕ ਘਟਨਾ ਲਈ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮੋਹਾਲੀ ਦੇ ਮਟੌਰ ਥਾਣੇ ਵਿੱਚ ਕਤਲ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮ ਦੀ ਡਿਊਟੀ ਵਿੱਚ ਵਿਘਨ ਪਾਉਣ ਲਈ ਹਮਲਾ ਕਰਨ, ਹਥਿਆਰਾਂ ਨਾਲ ਦੰਗਾ ਕਰਨ, ਗ਼ੈਰਕਾਨੂੰਨੀ ਇਕੱਠ ਕਰਨ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀ ਅੱਜ ਤੋਂ ਜੇਲ੍ਹ ਭਰੋ ਮਾਰਚ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ।
ਮੁੜ ਚੰਡੀਗੜ੍ਹ ਵੱਲ ਕੂਚ ਕਰੇਗਾ ਮੋਰਚਾ:ਕੌਮੀ ਇਨਸਾਫ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਰਕਾਰ ਦੇ ਕੰਨੀਂ ਪਾਉਣ ਲਈ ਅੱਜ ਫਿਰ ਰਾਜਧਾਨੀ ਵੱਲ ਚੜ੍ਹਾਈ ਕੀਤੀ ਜਾਵੇਗੀ। ਹਾਲਾਂਕਿ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵੱਲੋਂ ਚੰਡੀਗੜ੍ਹ ਦੀਆਂ ਬਰੂਹਾਂ ਉਤੇ ਬੈਰੀਕੇਡਿੰਗ ਕਰ ਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਇਨ੍ਹਾਂ ਦੀ ਰਿਹਾਈ ਦੀ ਹੋ ਰਹੀ ਮੰਗ:ਪੱਕਾ ਮੋਰਚੇ ਤਹਿਤ ਜਿਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿੱਚ ਅਤੇ ਬੱਬਰ ਖਾਲਸਾ ਦੇ ਕੌਮਾਂਤਰੀ ਅੱਤਵਾਦੀ ਜਗਤਾਰ ਸਿੰਘ ਹਵਾਰਾ ਵੀ ਸ਼ਾਮਲ ਹਨ। ਦੂਜੇ ਪਾਸੇ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਅਤੇ 1993 ਵਿੱਚ ਦਿੱਲੀ ਵਿੱਚ ਹੋਏ ਬੰਬ ਧਮਾਕਿਆਂ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਅਹਿਮ ਹਨ।