ਚੰਡੀਗੜ੍ਹ : ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ "ਪੰਜਾਬੀ ਮਾਂ ਬੋਲੀ ਮੇਲਾ" ਦੇਵ ਸਮਾਜ ਕਾਲਜ ਸੈਕਟਰ-45 ਚੰਡੀਗੜ੍ਹ ਵਿਖੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ ਵਿੱਚੋਂ ਪ੍ਰਮੁੱਖ ਸੁਰਿੰਦਰ ਸ਼ਿੰਦਾ, ਜਸਬੀਰ ਜੱਸੀ, ਬੌਬੀ ਬਾਜਵਾ, ਸੁੱਖੀ ਬਰਾੜ, ਭੱਟੀ ਭੜੀਵਾਲਾ ਆਦਿ ਨੇ ਸਰੋਤਿਆਂ ਨੂੰ ਕੀਲੀ ਰੱਖਿਆ। ਇਹ ਪ੍ਰੋਗਰਾਮ ਚੰਡੀਗੜ੍ਹ 'ਚ ਪਹਿਲੀ ਵਾਰ ਕਰਵਾਇਆ ਗਿਆ ਹੈ।
ਮੇਲੇ ਵਿਚ ਪੁੱਜੀਆਂ ਕਈ ਸ਼ਖਸੀਅਤਾਂ : ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਪੰਜਾਬੀ ਵਿਰਾਸਤ ਕੇਂਦਰ ਦੇ ਡਾਇਰੈਕਟਰ ਅਤੇ ਲੋਕ ਗਾਇਕ ਸੁੱਖੀ ਬਰਾੜ ਅਤੇ ਲੋਕ ਗੀਤ ਮਨੋਰੰਜਨ ਦੇ ਨਿਰਦੇਸ਼ਕ ਗਾਇਕ ਤੇ ਪੇਸ਼ਕਾਰ ਭੱਟੀ ਭੜੀਵਾਲਾ ਨੇ ਦੱਸਿਆ ਕਿ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੀਆਂ ਦੇਸ਼-ਵਿਦੇਸ਼ ਦੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਉੱਚ ਕੋਟੀ ਦੇ ਗਾਇਕ, ਗੀਤਕਾਰ, ਸੰਗੀਤਕਾਰ, ਲੇਖਕ, ਬੁੱਧੀਜੀਵੀ, ਵੀਡੀਓ ਨਿਰਦੇਸ਼ਕ, ਫ਼ਿਲਮੀ ਕਲਾਕਾਰ ਅਤੇ ਅਦਾਕਾਰ, ਸਮਾਜਿਕ ਅਤੇ ਸੱਭਿਆਚਾਰਕ ਸ਼ਖ਼ਸੀਅਤਾਂ ਇਸ ਪ੍ਰਦਰਸ਼ਨ ਲਈ ਇਕੱਤਰ ਹੋਈਆਂ।
ਪੰਜਾਬੀ ਮਾਂ ਬੋਲੀ ਦੇ ਗੀਤਾਂ 'ਤੇ ਚਰਚਾ :ਮੇਲੇ ਵਿੱਚ ਸਿਰਫ਼ ਪੰਜਾਬੀ ਮਾਂ-ਬੋਲੀ ਨਾਲ ਸਬੰਧਤ ਗੀਤ ਅਤੇ ਵਿਚਾਰ ਚਰਚਾ ਹੋਈ। ਗੱਲਬਾਤ ਦੌਰਾਨ ਉੱਘੇ ਗੀਤਕਾਰ ਭੱਟੀ ਭੜੀਵਾਲਾ ਨੇ ਦੱਸਿਆ ਕਿ ਇਸ ਮੌਕੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਚੰਡੀਗੜ੍ਹ ਵਿਖੇ ਹੋਣ ਵਾਲਾ ਇਹ ਆਪਣੀ ਕਿਸਮ ਦਾ ਪਹਿਲਾ ਮੇਲਾ ਸੀ ਅਤੇ ਸਾਰਿਆਂ ਨੇ ਇੱਕਜੁੱਟ ਹੋ ਕੇ ਕਿਹਾ ਕਿ ਅਜਿਹੇ ਮੇਲੇ ਲਗਦੇ ਰਹਿਣੇ ਚਾਹੀਦੇ ਹਨ, ਤਾਂ ਜੋ ਅਸੀਂ ਪੰਜਾਬੀ ਮਾਂ ਦੀ ਸੇਵਾ ਕਰ ਸਕੀਏ ਜੋ ਅੱਜ ਬੁਲੰਦੀਆਂ 'ਤੇ ਪਹੁੰਚੀ ਹੈ।