ਚੰਡੀਗੜ੍ਹ: ਬਿਊਟੀ ਪਾਰਲਰ, ਕੁੱਕ, ਸੈਲੂਨ ਅਤੇ ਕੇਅਰ ਟੇਕਰ ਦੇ ਨਾਂ 'ਤੇ ਪੰਜਾਬ ਦੀਆਂ ਔਰਤਾਂ ਦੀ ਖਾੜੀ ਦੇਸ਼ਾਂ ਵਿਚ ਸੌਦੇਬਾਜ਼ੀ ਕੀਤੀ ਜਾ ਰਹੀ ਹੈ। ਮਸਕਟ ਅਤੇ ਦੁਬਈ ਵਿਚ ਇਹਨਾਂ ਔਰਤਾਂ ਦੀ ਦੁਰਦਸ਼ਾ ਹੋ ਰਹੀ ਹੈ। ਏਜੰਟਾ ਵੱਲੋਂ ਧੋਖਾਧੜੀ ਕਰਕੇ ਔਰਤਾਂ ਨੂੰ ਭਰਮ ਜਾਲ 'ਚ ਫਸਾਇਆ ਜਾ ਰਿਹਾ ਹੈ। ਇਹ ਪੂਰਾ ਨੈਕਸਸ ਪੰਜਾਬ ਤੋਂ ਮਸਕਟ ਤੱਕ ਕੰਮ ਕਰਦਾ ਹੈ ਜਿਸ ਦਾ ਦਾਇਰਾ ਬਹੁਤ ਵੱਡਾ ਹੈ। ਵਿਦੇਸ਼ ਜਾਣ ਦੀ ਹੋੜ ਪੰਜਾਬੀਆਂ 'ਤੇ ਇਸ ਕਦਰ ਭਾਰੀ ਹੈ ਕਿ ਏਜੰਟਾ ਦੇ ਝਾਂਸੇ ਵਿਚ ਆਈਆਂ ਇਹ ਔਰਤਾਂ ਮਸਕਟ, ਓਮਾਨ ਅਤੇ ਦੁਬਈ ਵਿਚ ਜਿਨਸੀ ਸੋਸ਼ਣ ਅਤੇ ਮਾਨਸਿਕ ਸੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ।
ਪੰਜਾਬ ਸਰਕਾਰ ਵੱਲੋਂ ਇਕ ਐਸਆਈਟੀ (SIT) ਬਣਾਈ ਗਈ ਹੈ। ਜਿਸ ਦੇ ਵਿਚ ਇਹ ਪੂਰਾ ਨੈਕਸਸ ਤੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਨੈਕਸਸ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਬਲਕਿ ਹੋਰਨਾਂ ਸੂਬਿਆਂ ਤੱਕ ਵੀ ਹੈ ਪੰਜਾਬ 'ਚ ਬੈਠੇ ਏਜੰਟਾ ਨੇ ਕਈ ਸੂਬਿਆਂ ਤੱਕ ਆਪਣਾ ਜਾਲ ਵਿਛਾ ਕੇ ਰੱਖਿਆ ਹੋਇਆ। ਪੰਜਾਬ, ਦਿੱਲੀ, ਰਾਜਸਥਾਨ, ਕਰਨਾਟਕ, ਪੱਛਮੀ ਬੰਗਾਲ, ਉਤਰ ਪ੍ਰਦੇਸ਼, ਕੇਰਲ ਅਤੇ ਕੱਲਕੱਤਾ ਤੱਕ ਦੇ ਏਜੰਟ ਇਸ ਨੈਕਸਸ ਵਿਚ ਸ਼ਾਮਲ ਹਨ। ਜੋ ਅਖਬਾਰ ਵਿਚ ਵਿਦੇਸ਼ਾਂ ਦੇ ਨਾਂ 'ਤੇ ਲੁਭਾਵਣੇ ਇਸ਼ਤਿਹਾਰ ਦਿੰਦੇ ਹਨ ਅਤੇ ਔਰਤਾਂ ਨੂੰ ਖਾੜੀ ਦੇਸ਼ਾਂ ਵਿਚ ਵੱਡੀ ਨੌਕਰੀ ਦਾ ਝਾਂਸਾ ਦੇ ਕੇ ਆਪਣੇ ਜਾਲ ਵਿਚ ਫਸਾਉਂਦੇ। ਪੰਜਾਬ ਦੇ ਟਰੈਵਲ ਏਜੰਟਾਂ ਨੇ ਇਸ ਧੰਦੇ ਵਿਚ ਸਭ ਤੋਂ ਜ਼ਿਆਦਾ ਮੋਟਾ ਪੈਸਾ ਕਮਾਇਆ ਹੈ।
ਸਿੱਟ ਸਾਹਮਣੇ ਔਰਤਾਂ ਨੇ ਰੋਇਆ ਰੋਣਾ :ਪੰਜਾਬ ਪੁਲਿਸ ਵੱਲੋਂ ਬਣਾਈ ਗਈ ਸਿਟ ਕੋਲ ਜ਼ਿਆਦਾਤਰ ਮਸਕਟ ਵਿਚ ਫਸੀਆਂ ਔਰਤਾਂ ਨੇ ਆਪਣਾ ਰੋਣਾ ਰੋਇਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਔਰਤਾਂ ਸੋਸ਼ਲ ਮੀਡੀਆ ਸਾਈਟਾਂ, ਲੁਭਾਵਣੀ ਇਸ਼ਤਿਹਾਰਬਾਜ਼ੀ ਅਤੇ ਪਿੰਡਾਂ ਵਿਚ ਛੱਡੇ ਗਏ ਸਬ ਏਜੰਟਾਂ ਕਰਕੇ ਵਿਦੇਸ਼ ਜਾਣ ਦੇ ਚਾਂਸੇ ਵਿਚ ਫਸੀਆਂ। ਸਭ ਤੋਂ ਜ਼ਿਆਦਾ ਵਿਦੇਸ਼ ਜਾਣ ਦੀ ਅੰਨੀ ਲਾਲਸਾ ਕਾਰਨ ਇਹ ਏਜੰਟਾਂ ਦੇ ਝਾਂਸੇ ਵਿਚ ਫਸ ਜਾਂਦੀਆਂ ਹਨ। ਇਹ ਸਬ ਏਜੰਟ ਲੜਕੀ ਜਾਂ ਔਰਤ ਦੇ ਪਰਿਵਾਰਕ ਹਲਾਤਾਂ ਦਾ ਪਤਾ ਲਗਾਉਂਦੇ ਹਨ ਅਤੇ ਫਿਰ ਭਾਵਨਾਤਮਕ ਤੌਰ 'ਤੇ ਉਹਨਾਂ ਨੂੰ ਵਿਦੇਸ਼ ਜਾਣ ਲਈ ਭਰਮਾਇਆ ਜਾਂਦਾ ਹੈ। ਕੁਝ ਨੂੰ ਉਹਨਾਂ ਦੇ ਰਿਸ਼ੇਤਦਾਰਾਂ ਦੇ ਜ਼ਰੀਏ ਵਿਦੇਸ਼ ਵਿਚ ਚੰਗੀ ਜ਼ਿੰਦਗੀ ਜਿਊਣ ਦਾ ਲਾਲਚ ਦੇ ਕੇ ਭਰਮਾਇਆ ਜਾਂਦਾ ਹੈ। ਵਿਦੇਸ਼ ਪਹੁੰਚਦਿਆਂ ਹੀ ਉਹਨਾਂ ਨੂੰ ਸੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ, ਉਹਨਾਂ ਦੇ ਪਾਸਪੋਰਟ ਤੱਕ ਖੋਹ ਲਏ ਜਾਂਦੇ ਹਨ, ਮਾਰਕੁੱਟ, ਬਦਫੈਲੀ, ਮਾਨਸਿਕ ਤਸੀਹੇ ਦੇ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਪੰਜਾਬ ਵਿੱਚ ਹੈ ਪੀਟੀਪੀਆਰ ਐਕਟ:ਘੱਟੋ-ਘੱਟ ਰੈਂਕ ਦੇ ਡੀਐਸਪੀ ਕੇਸਾਂ ਦੀ ਜਾਂਚ ਕਰ ਰਹੇ ਹਨ। ਪੰਜਾਬ 'ਚ ਇਕ ਪੀਟੀਪੀਆਰ ਐਕਟ ਵੀ ਹੈ ਜੋ ਕਿ ਏੇਜੰਟਾਂ ਦੀ ਧੋਖਾਧੜੀ ਤੋਂ ਬਚਣ ਲਈ ਬਣਾਇਆ ਗਿਆ। ਪੰਜਾਬ ਸਰਕਾਰ ਵੱਲੋਂ ਇਹ ਕਾਨੂੰਨ “ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2014” ਨਾਂ ਹੇਠ ਲਾਗੂ ਕੀਤਾ ਗਿਆ ਹੈ। ਸਿਟ ਵੱਲੋਂ ਆਈਪੀਸੀ ਦੀ ਧਾਰਾ 370, 420 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਸ 13 ਰੈਗੂਲਰਾਈਜ਼ੇਸ਼ਨ ਐਕਟ 2014 ਦੇ ਅਧਾਰ ਤੇ ਕੇਸ ਦਰਜ ਕੀਤੇ ਜਾ ਰਹੇ ਹਨ। ਸਾਲ 2018 ਵਿੱਚ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪੰਜਾਬ ਨੇ ਰੈਗੂਲੇਸ਼ਨ ਲਈ ਕਾਨੂੰਨ ਅਤੇ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਪੰਜਾਬ ਵਿੱਚ ਸੰਗਠਿਤ ਮਨੁੱਖੀ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਦੀਆਂ ਗੈਰ-ਕਾਨੂੰਨੀ ਅਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਅਤੇ ਇਸ ਨਾਲ ਜੁੜੇ ਜਾਂ ਇਸ ਨਾਲ ਸਬੰਧਤ ਮਾਮਲਿਆਂ ਲਈ ਟ੍ਰੈਵਲ ਏਜੰਟਾਂ ਦੇ ਪੇਸ਼ੇ ਨੂੰ ਨਿਯਮਤ ਕਰਨ ਅਤੇ ਉਹਨਾਂ ਨੂੰ ਰੋਕਣ ਦੇ ਦ੍ਰਿਸ਼ਟੀਕੋਣ ਨਾਲ ਇਸ ਐਕਟ ਨੂੰ ਬਣਾਇਆ ਗਿਆ।