ਚੰਡੀਗੜ੍ਹ (Punjab Weather Update) : ਦੇਸ਼ 'ਚ ਮੀਂਹ ਦਾ ਨਵਾਂ ਰੁਖ ਦੇਖਣ ਨੂੰ ਮਿਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਸ਼ਿਮਲਾ ਵਿੱਚ ਬੱਦਲ ਫਟਣ ਤੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹੋਈ ਬਰਸਾਤ ਤੋਂ ਬਾਅਦ ਸਤਲੁਜ, ਰਾਵੀ, ਬਿਆਸ ਦੇ ਨਾਲ-ਨਾਲ ਘੱਗਰ ਅਤੇ ਉਝ ਦਰਿਆ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਅਤੇ ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ ਹੈ। ਸਰਹੱਦੀ ਖੇਤਰ ਦੇ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। 11 ਜ਼ਿਲ੍ਹਿਆਂ ਵਿੱਚ ਅਲਰਟ ਐਲਾਨਿਆ ਗਿਆ ਹੈ। ਫਿਰੋਜ਼ਪੁਰ ਵਿੱਚ ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਕਈ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ।
ਮਾਨਸੂਨ 'ਚ ਹਲਕੀ ਜਾਂ ਦਰਮਿਆਨੀ ਬਾਰਿਸ਼ ਦੀ ਬਜਾਏ ਹੁਣ ਭਾਰੀ ਮੀਂਹ ਦੇ ਦਿਨ ਵਧਦੇ ਜਾ ਰਹੇ ਹਨ। ਇਹ ਬਦਲਾਅ ਪਿਛਲੇ ਸਾਲ ਦੇ ਦਹਾਕੇ 'ਚ ਜ਼ਿਆਦਾ ਦੇਖਿਆ ਗਿਆ। ਸ਼ਨੀਵਾਰ ਨੂੰ ਜਿੱਥੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਹੋਈ, ਉੱਥੇ ਹੀ ਹਿਮਾਚਲ ਦੇ ਕੁੱਲੂ 'ਚ ਬੱਦਲ ਫਟ ਗਏ। ਰਾਮਪੁਰ ਅਤੇ ਕਿਨੌਰ ਵਿੱਚ ਵੀ ਜ਼ਮੀਨ ਖਿਸਕਣ ਦਾ ਸਿਲਸਿਲਾ ਜਾਰੀ ਹੈ।
ਪੰਜਾਬ ਵਿੱਚ 19 ਜ਼ਿਲ੍ਹਿਆਂ ਦੇ 1495 ਪਿੰਡ ਸਭ ਤੋਂ ਵੱਧ ਪ੍ਰਭਾਵਿਤ :ਪੰਜਾਬ ਵਿੱਚ ਮੰਤਰੀ ਮੰਡਲ ਨੇ ਮੰਨਿਆ ਕਿ ਸੂਬੇ ਦੇ 19 ਜ਼ਿਲ੍ਹਿਆਂ ਦੇ 1495 ਪਿੰਡ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਹੜ੍ਹਾਂ ਕਾਰਨ 44 ਲੋਕਾਂ ਦੀ ਜਾਨ ਚਲੀ ਗਈ, 391 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਅਤੇ 878 ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ। ਹਰਿਆਣਾ ਦੇ 12 ਜ਼ਿਲ੍ਹਿਆਂ ਦੇ 1468 ਪਿੰਡ ਹੜ੍ਹ ਦੀ ਮਾਰ ਹੇਠ ਹਨ। 5,17,475 ਏਕੜ ਫਸਲ ਦੇ ਨੁਕਸਾਨ ਦਾ ਅਨੁਮਾਨ ਹੈ। ਇਸ ਦੇ ਨਾਲ ਹੀ 47 ਲੋਕਾਂ ਦੀ ਮੌਤ ਹੋ ਗਈ ਹੈ।
ਪੱਛਮ ਵੱਲ ਵਧ ਰਿਹਾ ਮਾਨਸੂਨ :ਦੇਸ਼ ਦਾ 30 ਫੀਸਦੀ ਹਿੱਸਾ ਅਜੇ ਵੀ ਚੰਗੀ ਬਾਰਿਸ਼ ਨੂੰ ਤਰਸ ਰਿਹਾ ਹੈ। ਇਸ ਦਾ ਕਾਰਨ ਮਾਨਸੂਨ ਦਾ ਪੂਰਬ ਤੋਂ ਪੱਛਮ ਵੱਲ ਬਦਲਣਾ ਹੈ। ਨਤੀਜੇ ਵਜੋਂ ਗੁਜਰਾਤ-ਰਾਜਸਥਾਨ ਵਿੱਚ ਜ਼ਿਆਦਾ ਬਾਰਿਸ਼ ਹੋਈ ਹੈ, ਪਰ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਹਾਲੇ ਤਕ ਚੰਗੀ ਤਰ੍ਹਾਂ ਬਰਸਾਤ ਨਹੀਂ ਹੋਈ। ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਨਹੀਂ ਕੀਤਾ ਜਾ ਰਿਹਾ ਕਿਉਂਕਿ ਬਰਸਾਤ ਦਾ ਜ਼ਿਆਦਾਤਰ ਪਾਣੀ ਦਰਿਆਵਾਂ ਵਿੱਚ ਵਹਿ ਜਾਂਦਾ ਹੈ।
ਮੌਸਮ ਵਿਭਾਗ ਮੁਤਾਬਕ ਦੋ ਦਿਨਾਂ ਤੱਕ ਘੱਟ ਮੀਂਹ ਪੈ ਸਕਦਾ ਹੈ। 1 ਅਗਸਤ ਤੋਂ ਮਾਨਸੂਨ ਫਿਰ ਤੋਂ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗਾ। 2 ਤੋਂ 4 ਅਗਸਤ ਤੱਕ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਵਾਰ ਹਰਿਆਣਾ ਦੇ ਨਾਲ-ਨਾਲ ਪਹਾੜੀ ਸੂਬਿਆਂ ਵਿਚ ਪਏ ਮੀਂਹ ਨੇ ਯਮੁਨਾਨਗਰ, ਕਰਨਾਲ, ਪਾਣੀਪਤ, ਸੋਨੀਪਤ, ਫਰੀਦਾਬਾਦ, ਪਲਵਲ, ਪੰਚਕੂਲਾ, ਅੰਬਾਲਾ, ਕੈਥਲ ਆਦਿ ਵਿਚ ਭਾਰੀ ਨੁਕਸਾਨ ਕੀਤਾ ਹੈ।