ਚੰਡੀਗੜ੍ਹ : ਦੇਸ਼ ਭਰ ਵਿੱਚ ਮਾਨਸੂਨ ਦੀ ਬਹਾਰ ਹੈ, ਜਿਸ ਕਰਕੇ ਵੱਖ-ਵੱਖ ਥਾਵਾਂ ਉੱਤੇ ਮਾਨਸੂਨ ਨੇ ਦਸਤਕ ਦਿੱਤੀ ਹੋਈ ਹੈ ਅਤੇ ਲੋਕ ਗਰਮੀ ਤੋਂ ਰਾਹਤ ਵੀ ਮਹਿਸੂਸ ਕਰ ਰਹੇ ਹਨ। ਉੱਥੇ ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਵਿੱਚ ਮੌਸਮ ਦੇ ਮਿਜ਼ਾਜ ਜ਼ਰਾ ਹਟ ਕੇ ਅਤੇ ਮੌਸਮ ਬਿਲਕੁਲ ਵੱਖਰਾ ਬਣਿਆ ਹੋਇਆ ਹੈ। ਇੱਕ ਪਾਸੇ ਜਿੱਥੇ ਹਰਿਆਣਾ ‘ਚ ਬਾਰਸ਼ ਜਾਰੀ ਹੈ। ਜਿਸ ਕਾਰਨ ਤਾਪਮਾਨ ‘ਚ ਕੋਈ ਬਦਲਾਅ ਨਹੀਂ ਹੋਣ ਵਾਲਾ ਹੈ। ਉਧਰ ਦੂਜੇ ਪਾਸੇ ਪੰਜਾਬ ਵਿੱਚ ਅਜੇ ਵੀ 37 ਡਿਗਰੀ ਸੈਲਸੀਅਸ ਗਰਮੀ ਹੈ ਤੇ ਅਗਲੇ ਕੁਝ ਦਿਨ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।
ਪਹਿਲੀ ਜੁਲਾਈ ਨੂੰ ਹਲਕਾ ਮੀਂਹ ਪੈਣ ਦੀ ਸੰਭਾਵਨਾ : ਹਾਲਾਂਕਿ ਕਿਹਾ ਇਹ ਵੀ ਜਾ ਰਿਹਾ ਹੈ ਕਿ ਬਾਕੀ ਸ਼ਹਿਰਾਂ ਨਾਲੋਂ ਪੰਜਾਬ ਵਿੱਚ ਮਾਨਸੂਨ ਦੀ ਰਫਤਾਰ ਥੋੜੀ ਮੱਧਮ ਪਈ ਹੋਈ। ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਦੇਸ਼ ਦੇ ਕੁਝ ਹਿੱਸਿਆਂ ’ਚ ਮੌਨਸੂਨ ਨੇ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਇਸ ਕਰਕੇ ਮੀਂਹ ਪੈਣ ਲੱਗਾ ਹੈ। ਮੌਸਮ ਵਿਭਾਗ ਨੇ 29 ਜੂਨ ਨੂੰ ਮੱਧਮ ਤੇ 30 ਜੂਨ ਤੇ ਪਹਿਲੀ ਜੁਲਾਈ ਨੂੰ ਹਲਕਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਅੱਜ ਦੀ ਗੱਲ ਕਰੀਏ ਤਾਂ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬਰਸਾਤ ਹੋਈ ਹੈ। ਇਥੇ ਇਹ ਵੀ ਦੱਸਣ ਯੋਗ ਹੈ ਕਿ ਬਾਰਸ਼ ਨਾਲ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ ਹਨ। ਇਸ ਨਾਲ ਝੋਨੇ ਦੇ ਸੀਜ਼ਨ ਵਿੱਚ ਕਾਫੀ ਲਾਹਾ ਮਿਲੇਗਾ। ਦੂਜੇ ਪਾਸੇ ਬਾਰਸ਼ ਕਰਕੇ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਬਿਜਲੀ ਦੀ ਮੰਗ ਹੇਠਾਂ ਆ ਗਈ ਹੈ।