ਚੰਡੀਗੜ੍ਹ:ਪਿਛਲੇ ਦਿਨੀ ਲਗਾਤਾਰ ਤਿੰਨ ਦਿਨ ਪਏ ਮੀਂਹ ਨੇ ਪੰਜਾਬ ਸਮੇਤ ਨਾਲ ਦੇ ਗੁਆਢੀ ਸੂਬਿਆਂ ਵਿੱਚ ਕਹਿਰ ਦਾ ਹੜ੍ਹ ਲਿਆ ਦਿੱਤਾ ਸੀ। ਇਸ ਤੋਂ ਮਗਰੋਂ ਲੋਕਾਂ ਦੀਆਂ ਫਸਲਾਂ ਅਤੇ ਘਰਾਂ ਨੂੰ ਹੜ੍ਹ ਦੀ ਮਾਰ ਪਈ ਅਤੇ ਬਹੁਤ ਜ਼ਿਆਦਾ ਜਾਨ-ਮਾਲ ਦਾ ਵੀ ਨੁਕਸਾਨ ਹੋਇਆ। ਪਿਛਲੇ ਕੁੱਝ ਦਿਨਾਂ ਤੋਂ ਰੁਕੀ ਬਰਸਾਤ ਕਰਕੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਸੀ ਅਤੇ ਪਾਣੀ ਦਾ ਪੱਧਰ ਵੀ ਘਟਣ ਲੱਗਾ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦੇ ਲੋਕਾਂ ਦੀ ਪਰੇਸ਼ਾਨੀ ਪਾਣੀ ਵਧਾ ਸਕਦਾ ਹੈ।
ਸਤਲੁਜ ਦੇ ਕੰਢੇ ਵਸਦੇ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਨਿਰਦੇਸ਼: ਪੰਜਾਬ ਵਿੱਚ ਸਤਲੁਜ ਦੇ ਕੰਢੇ ਵਸਦੀ ਤਮਾਮ ਆਬਾਦੀ ਅਤੇ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਨੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਫਲੱਡ ਗੇਟ ਖੋਲ੍ਹੇ ਜਾ ਸਕਦੇ ਨੇ। ਇਸ ਲਈ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਬ ਸਰਕਾਰ ਨੇ ਸਤਲੁਜ ਦਰਿਆ ਦੇ ਕੰਢੇ ਵਸਦੇ ਲੋਕਾਂ ਨੂੰ ਘਰ ਛੱਡ ਕੇ ਜਾਣ ਲਈ ਆਖਿਆ ਹੈ। ਦੱਸ ਦਈਏ ਪੰਜਾਬ ਵਿੱਚ ਅੱਜ ਮੁੜ ਤੋਂ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਣ ਪਾਣੀ ਦਾ ਪੱਧਰ ਤੇਜ਼ੀ ਨਾਲ ਦਰਿਆਵਾਂ ਵਿੱਚ ਵੱਧ ਰਿਹਾ । ਦੂਜੇ ਪਾਸੇ ਹਿਮਾਚਲ ਵਿੱਚ ਭਾਰੀ ਮੀਂਹ ਤੋਂ ਬਾਅਦ ਸਤਲੁਜ ਅਤੇ ਹੋਰ ਦਰਿਆਵਾਂ ਵਿੱਚ ਪਾਣੀ ਵਧਣ ਕਾਰਨ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1651 ਫੁੱਟ ਨੂੰ ਪਾਰ ਕਰ ਗਿਆ ਹੈ। ਭਾਖੜਾ ਡੈਮ ਦਾ ਖ਼ਤਰਾ ਪੱਧਰ 1680 ਫੁੱਟ ਹੈ ਅਤੇ ਇਸ ਸਮੇਂ ਪਾਣੀ ਦਾ ਪੱਧਰ ਇਸ ਤੋਂ 29 ਫੁੱਟ ਹੇਠਾਂ ਹੈ। ਹਾਲਾਂਕਿ ਡੈਮ ਦੇ ਪਾਣੀ ਦਾ ਪੱਧਰ ਫਲੱਡ ਗੇਟ ਦੇ ਪੱਧਰ ਤੋਂ 6 ਫੁੱਟ ਨੂੰ ਪਾਰ ਕਰ ਗਿਆ ਹੈ।
ਖਤਰਾ ਟਲਿਆ ਨਹੀਂ: ਰਾਵੀ ਦਰਿਆ ਵਿੱਚ ਬੇਸ਼ੱਕ ਕਈ ਜਗ੍ਹਾ ਪਾਣੀ ਘਟ ਚੁੱਕਾ ਹੈ ਪਰ ਖਤਰਾ ਟਲਿਆ ਨਹੀਂ ਹੈ। ਬਿਆਸ ਵਿੱਚ ਤੇਜੀ ਨਾਲ ਵਹਿ ਰਹੇ ਪਾਣੀ ਨਾਲ ਹਾਲੇ ਵੀ ਸਥਿਤੀ ਨਾਜੁਕ ਬਣੀ ਹੋਈ ਹੈ। ਘੱਗਰ ਦੇ ਨਾਲ-ਨਾਲ ਹੁਣ ਅੰਮ੍ਰਿਤਸਰ ਜ਼ਿਲ੍ਹੇ ਦੀ ਹੱਦ ਵਿੱਚ ਪੈਂਦੇ ਬਿਆਸ ਦਰਿਆ ਵਿੱਚ ਪਾਣੀ ਵਧਣ ਕਰਕੇ ਫਿਰ ਤੋਂ ਯੈਲੋ ਅਲਰਟ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੀ ਰਾਤ ਕਰੀਬ ਇੱਕ ਤੋਂ 2 ਵਜੇ ਦੌਰਾਨ ਬਿਆਸ ਦਰਿਆ ਵਿੱਚ 83 ਹਜ਼ਾਰ 100 ਕਿਊਸਿਕ ਪਾਣੀ ਚੜ੍ਹਨ ਤੋਂ ਬਾਅਦ ਘਟਿਆ ਹੈ। ਬਿਆਸ ਦਰਿਆ ਵਿੱਚ ਪਾਣੀ ਦਾ ਇਹ ਪੱਧਰ 2023 ਸੀਜ਼ਨ ਦੇ ਸਭ ਤੋਂ ਉਪਰਲੇ ਤੌਰ ਉੱਤੇ ਮਾਪਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦਰਿਆ ਬਿਆਸ ਦਾ ਪਾਣੀ ਜ਼ਿਲ੍ਹਾ ਕਪੂਰਥਲਾ ਦੀ ਹੱਦ ਵਿੱਚ ਪੈਂਦੇ ਪਿੰਡ ਮਿਆਣੀ ਬਾਕਰਪੁਰ ਦੇ ਧੁੱਸੀ ਬੰਨ ਨਾਲ ਲੱਗ ਚੁੱਕਾ ਹੈ ਪਰ ਫਿਲਹਾਲ ਇਸ ਬੰਨ ਤੋਂ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਹ ਜ਼ਰੂਰ ਹੈ ਕਿ ਦਰਿਆ ਬਿਆਸ ਦੇ ਪਾਣੀ ਦਾ ਲੈਵਲ ਵਧਣ ਨਾਲ ਦਰਿਆ ਤੋਂ ਕਰੀਬ ਡੇਢ ਕਿਲੋਮੀਟਰ ਦੂਰੀ ਤੱਕ ਧੁੱਸੀ ਬੰਨ ਨਾਲ ਪੈਂਦੀ ਸੈਂਕੜੇ ਕਿੱਲ੍ਹੇ ਜ਼ਮੀਨ ਵਿੱਚ ਇਸ ਤੇਜ ਰਫ਼ਤਾਰ ਪਾਣੀ ਦੀ ਮਾਰ ਨਾਲ ਫਸਲਾਂ ਤਬਾਹ ਹੋ ਚੁੱਕੀਆਂ ਹਨ।