ਚੰਡੀਗੜ੍ਹ:ਪੰਜਾਬ ਵਿਛੱ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਠੰਢ ਅਤੇ ਧੁੰਦ ਨਾਲ ਹੋਈ। ਸਾਲ ਦੇ ਪਹਿਲੇ ਦਿਨ ਪੰਜਾਬ ਦੇ ਕਈ ਸ਼ਹਿਰ ਸ਼ਿਮਲਾ ਨਾਲੋਂ ਵੀ ਠੰਢੇ ਰਹੇ। ਬੀਤੀ ਰਾਤ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦਾ ਘੱਟੋ-ਘੱਟ ਤਾਪਮਾਨ 6.6 ਡਿਗਰੀ ਦਰਜ ਕੀਤਾ ਗਿਆ, ਜੋ ਕਿ ਪੂਰੇ ਸੂਬੇ ਵਿੱਚ ਸਭ ਤੋਂ ਘੱਟ ਹੈ। ਜਦੋਂ ਕਿ ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 7.6 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਿਤ ਪੰਜਾਬ 'ਚ ਜਨਵਰੀ ਮਹੀਨੇ 'ਚ ਦਿਨ ਹੋਰ ਠੰਢੇ ਰਹਿਣਗੇ। ਪੂਰੇ ਮਹੀਨੇ ਦਿਨ ਦਾ ਤਾਪਮਾਨ ਆਮ ਜਾਂ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ, ਜਦੋਂਕਿ ਰਾਤ ਦਾ ਤਾਪਮਾਨ ਆਮ ਨਾਲੋਂ ਜਾਂ ਆਮ ਨਾਲੋਂ ਵੱਧ ਦਰਜ ਕੀਤਾ ਜਾਵੇਗਾ। ਜਨਵਰੀ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਵੀ ਹੈ।
ਬੀਤੇ ਦਿਨ ਤਾਪਮਾਨ: ਮੌਸਮ ਵਿਭਾਗ ਅਨੁਸਾਰ ਜਨਵਰੀ ਦੇ ਅਗਲੇ ਚਾਰ ਦਿਨ ਮੌਸਮ ਖੁਸ਼ਕ ਰਹੇਗਾ, ਪਰ ਮੀਂਹ ਦੇ ਲਿਹਾਜ਼ ਨਾਲ ਜਨਵਰੀ ਚੰਗਾ ਮਹੀਨਾ ਰਹੇਗਾ। ਸੋਮਵਾਰ ਨੂੰ ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ 11.7 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 5.4 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਲੁਧਿਆਣਾ ਦਾ ਤਾਪਮਾਨ 10.6 ਡਿਗਰੀ ਰਿਹਾ ਅਤੇ ਇਹ ਆਮ ਨਾਲੋਂ 6.2 ਡਿਗਰੀ ਘੱਟ ਸੀ। ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 10.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 7.8 ਡਿਗਰੀ ਸੈਲਸੀਅਸ ਘੱਟ ਰਿਹਾ। ਬਠਿੰਡਾ ਵਿੱਚ 13.0 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਹ ਆਮ ਨਾਲੋਂ 7.9 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਰਾਤ ਅਤੇ ਦਿਨ ਵਿਚ ਠੰਢ ਵਧ ਗਈ ਹੈ। ਇਸ ਨੂੰ ਠੰਢੇ ਦਿਨ ਅਤੇ ਸੀਤ ਲਹਿਰ ਦੀ ਸਥਿਤੀ ਮੰਨਿਆ ਜਾਂਦਾ ਹੈ।
ਕੁਝ ਦਿਨ ਬਾਅਦ ਘਟੇਗੀ ਠੰਢ: ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਉੱਤਰੀ ਭਾਰਤ ਵਿੱਚ ਠੰਢ ਦਾ ਕਹਿਰ ਜਾਰੀ ਹੈ। ਅਗਲੇ ਦੋ ਦਿਨਾਂ ਤੱਕ ਠੰਢ ਕਹਿਰ ਕਰੇਗੀ। ਹਾਲਾਂਕਿ ਇਸ ਤੋਂ ਬਾਅਦ ਠੰਡ ਘੱਟ ਹੋਣ ਦੀ ਉਮੀਦ ਹੈ। ਜਨਵਰੀ ਲਈ ਦੇਸ਼ ਦੇ ਮੱਧ ਹਿੱਸੇ 'ਚ ਸੀਤ ਲਹਿਰ ਦੇ ਦਿਨਾਂ ਦੀ ਚਿਤਾਵਨੀ ਦਿੱਤੀ ਹੈ। ਉੱਤਰ-ਪੱਛਮੀ ਅਤੇ ਪੂਰਬੀ ਭਾਰਤ ਦੇ ਖੇਤਰਾਂ ਵਿੱਚ ਅਗਲੇ ਤਿੰਨ ਦਿਨਾਂ ਤੱਕ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ।
ਧੁੰਦ ਦਾ ਅਲਰਟ: ਮੌਸਮ ਵਿਭਾਗ ਮੁਤਾਬਕ ਪੰਜਾਬ ਸਮੇਤ ਵੱਖ-ਵੱਖ ਸੂਬਿਆਂ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਿਲਸਿਲੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਅਤੇ ਕਈ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਹੋਵੇਗਾ। ਇਸ ਸਿਲਸਿਲੇ 'ਚ ਜਲੰਧਰ ਰੈੱਡ ਅਲਰਟ ਸ਼੍ਰੇਣੀ 'ਚ ਆ ਰਿਹਾ ਹੈ। ਇਸ ਮੁਤਾਬਕ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਪ੍ਰਕੋਪ ਦੇਖਣ ਨੂੰ ਮਿਲੇਗਾ। ਜਲੰਧਰ ਦੇ ਨਾਲ ਲੱਗਦੇ ਕਪੂਰਥਲਾ ਜ਼ਿਲ੍ਹੇ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਨਵਾਂਸ਼ਹਿਰ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਇਸੇ ਤਰ੍ਹਾਂ ਨਵਾਂਸ਼ਹਿਰ ਦੇ ਨਾਲ ਲੱਗਦੇ ਰੋਪੜ 'ਚ ਵੀ ਰੈੱਡ ਅਲਰਟ ਦਿਖਾਈ ਦੇ ਰਿਹਾ ਹੈ।
ਰਾਜਧਾਨੀ ਦਾ ਤਾਪਮਾਨ: ਦਿੱਲੀ-ਐਨਸੀਆਰ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਆਈਐਮਡੀ ਨੇ ਕਿਹਾ ਹੈ ਕਿ ਅਗਲੇ ਪੰਜ ਦਿਨਾਂ ਤੱਕ ਸੀਤ ਲਹਿਰ ਵਿੱਚ ਕਮੀ ਦੇ ਕੋਈ ਸੰਕੇਤ ਨਹੀਂ ਹਨ। IMD ਨੇ ਦਿੱਲੀ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਆਈਐਮਡੀ ਨੇ ਕਿਹਾ ਕਿ ਬੰਗਾਲ ਦੀ ਖਾੜੀ ਤੋਂ ਘੱਟ ਪੱਧਰੀ ਪੂਰਬੀ ਹਵਾਵਾਂ ਕਾਰਨ 1 ਤੋਂ 3 ਜਨਵਰੀ ਤੱਕ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।