ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਹਾਲ ਹੀ ਵਿੱਚ ਨੋਇਡਾ ਵਿਖੇ ਹੋਈ ਕਾਮਨਵੈਲਥ ਵੇਟਲਿਫਟਿੰਗ ਚੈਂਪੀਅਨਸ਼ਿਪ-2023 ਦੌਰਾਨ ਵੇਟਲਿਫਟਿੰਗ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਬੇਮਿਸਾਲ ਵੇਟਲਿਫਟਰ ਅਮਰਜੀਤ ਗੁਰੂ ਨਾਲ ਮੁਲਾਕਾਤ ਕੀਤੀ। ਪਿੰਡ ਗੁਣਾਚੌਰ (ਐਸ.ਬੀ.ਐਸ. ਨਗਰ) ਦੇ ਰਹਿਣ ਵਾਲੇ ਰਾਜ ਕੁਮਾਰ ਦੇ ਪੁੱਤਰ ਅਮਰਜੀਤ ਗੁਰੂ ਨੇ ਪਿਛਲੇ 13 ਸਾਲਾਂ ਤੋਂ ਵੇਟਲਿਫਟਿੰਗ ਦੇ ਖੇਤਰ ਵਿੱਚ ਪੂਰੀ ਲਗਨ ਤੇ ਹੁਨਰ ਸਦਕਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਪਣੀ ਸਖ਼ਤ ਮਿਹਨਤ ਅਤੇ ਕਾਮਯਾਬੀ ਦੇ ਨਵੇਂ ਦਿਸਹੱਦੇ ਛੋਹਣ ਦੀ ਨਿਰੰਤਰ ਕੋਸ਼ਿਸ਼ ਸਦਕਾ ਉਹ ਦੇਸ਼ ਦੇ ਸਿਖ਼ਰਲੇ ਵੇਟਲਿਫਟਰਾਂ ਵਿੱਚ ਇੱਕ ਮਾਣਮੱਤਾ ਸਥਾਨ ਪ੍ਰਾਪਤ ਕਰਨ ਵਿੱਚ ਸਫਲ ਰਿਹਾ ਹੈ।
ਸ਼ਾਨਦਾਰ ਪ੍ਰਾਪਤੀ ਲਈ ਸ਼ਲਾਘਾ ਕੀਤੀ: ਇੱਥੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਹੋਈ ਮੀਟਿੰਗ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਮਰਜੀਤ ਗੁਰੂ ਦੀ ਕਾਮਨਵੈਲਥ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਸ਼ਲਾਘਾ ਕੀਤੀ। ਉਨ੍ਹਾਂ ਅਮਰਜੀਤ ਗੁਰੂ ਦੀ ਖੇਡ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਦੇ ਇੱਕ ਮਿਹਨਤੀ ਨੌਜਵਾਨ ਅਥਲੀਟ ਨੂੰ ਰਾਸ਼ਟਰੀ ਪੱਧਰ ’ਤੇ ਚਮਕਦਾ ਦੇਖ ਕੇ ਮਾਣ ਪ੍ਰਗਟ ਕੀਤਾ।