ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੋ ਚੁੱਕੀ ਹੈ। ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸੰਬੋਧਨ ਨਾਲ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਸੀ। ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਰਾਜਪਾਲ ਦੇ ਸੰਬੋਧਨ ਵਿੱਚ ਸਰਕਾਰ ਕੋਲੋਂ ਕਈ ਸਵਾਲ ਪੁੱਛੇ ਗਏ ਹਨ ਤੇ ਉਸ ਸਮੇਂ ਰਾਜਪਾਲ ਵੱਲੋਂ ‘ਮੇਰੀ ਸਰਕਾਰ’ ਕਹਿਣ ਉੱਤੇ ਸਦਨ ਵਿੱਚ ਕਾਫੀ ਹੰਗਾਮਾ ਵੀ ਹੋਇਆ ਸੀ।
ਸਦਨ 'ਚ ਸੀਐਮ ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਬਹਿਸ: ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਵਿਚਕਾਰ ਤਿੱਖੀ ਬਹਿਸ ਹੋਈ। ਕਾਨੂੰਨ ਵਿਵਸਥਾ ਨੂੰ ਲੈ ਕੇ ਸਦਨ ਵਿੱਚ ਜੰਮ ਕੇ ਹੰਗਾਮਾ ਹੋਇਆ। ਵਿਰੋਧੀ ਨੇਤਾਵਾਂ ਖਿਲਾਫ ਵਿਜੀਲੈਂਸ ਦੀ ਕਾਰਵਾਈ ਤੇ ਮਾਈਨਿੰਗ ਘੁਟਾਲੇ 'ਤੇ ਸੀਐਮ ਮਾਨ ਨੇ ਕਿਹਾ ਕਿ, ਮੇਰੇ ਕੋਲ ਕਾਂਗਰਸੀਆਂ ਦੀ ਚਿੱਠੀ ਹੈ, ਜਲਦੀ ਹੀ ਖੁਲਾਸਾ ਕਰਾਂਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਵਿੱਚ ਕਈ ਕਾਂਗਰਸੀਆਂ ਦੇ ਨਾਂ ਹਨ। ਭਗਵੰਤ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਅਡਾਨੀ ਦਾ ਵਿਰੋਧ ਕਰਦੇ ਹਨ, ਪਰ ਛੱਤੀਸਗੜ੍ਹ ਵਿੱਚ ਮਾਈਨਿੰਗ ਦਾ ਠੇਕਾ ਅਡਾਨੀ ਦੀ ਕੰਪਨੀ ਨੂੰ ਦਿੱਤਾ ਗਿਆ ਹੈ। ਦੂਜੇ ਪਾਸੇ, ਵਿਰੋਧੀ ਧਿਰ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਰੇਤ ਦੀ ਖੁਦਾਈ ਤੋਂ 20 ਹਜ਼ਾਰ ਕਰੋੜ ਦੀ ਸਾਲਾਨਾ ਆਮਦਨ ਹੋਵੇਗੀ, ਪਰ ਸਰਕਾਰ ਦੱਸੇ ਕਿ ਕਿੰਨਾ ਪੈਸਾ ਆਇਆ।
'ਸਾਡੇ ਵੇਲ੍ਹੇ ਜੇਲ੍ਹ 'ਚ ਕਤਲ ਨਹੀਂ ਹੋਏ' : ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹ ਰਾਮ ਰਹੀਮ ਦਾ ਮੁੱਦਾ ਵੀ ਸਦਨ ਵਿੱਚ ਚੁੱਕਣਗੇ। ਉਨ੍ਹਾਂ ਕਿਹਾ ਕਿ ਜਦੋਂ ਸਾਡਾ ਸਮਾਂ ਸੀ ਕਦੇ ਜੇਲ੍ਹਾਂ ਵਿੱਚ ਇਸ ਤਰ੍ਹਾਂ ਦੀ ਸ਼ਰ੍ਹੇਆਮ ਗੁੰਡਾਗਰਦੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਆਉਣ ਤੋਂ ਬਾਅਦ ਜੇਲ੍ਹਾਂ ਅੰਦਰ ਫੋਨ ਚਲ ਰਹੇ ਹਨ, ਕਤਲ ਹੋ ਹਹੇ ਹਨ ਤੇ ਗੈਂਗਵਾਰ ਹੋ ਰਹੀ ਹੈ। ਇਹ ਕਿਤੇ ਨਾ ਕਿਤੇ ਸਰਕਾਰ ਤੇ ਲੀਡਰਸ਼ਿਪ ਦੀ ਕਮੀ ਹੈ। ਇਨ੍ਹਾਂ ਗੈਂਗਸਟਰਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੂੰ ਪੁਖਤਾ ਕਦਮ ਚੁੱਕਣ ਦੀ ਲੋੜ ਹੈ, ਪਰ ਸਰਕਾਰ ਦੇ ਮੰਤਰੀ ਬਾਹਰਲੇ ਰਾਜਾਂ ਵਿੱਚ ਘੁੰਮ ਰਹੇ ਹਨ, ਉਨ੍ਹਾਂ ਨੂੰ ਪੰਜਾਬ ਦੀ ਫਿਕਰ ਹੀ ਨਹੀਂ ਹੈ।
ਸਰਕਾਰ ਨਾਗਰਿਕਾਂ ਨੂੰ ਸੁਰੱਖਿਆਂ ਦੇਣ ਵਿੱਚ ਅਸਫਲ: ਭਾਜਪਾ ਆਗੂ ਅਸ਼ਵਨੀ ਸ਼ਰਮਾ ਵੀ ਆਪ ਸਰਕਾਰ ਨੂੰ ਘੇਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਖਰਾਬ ਹੋ ਚੁੱਕੀ ਹੈ। ਨਾਗਰਿਕਾਂ ਨੂੰ ਸੁਰੱਖਿਆਂ ਦੇਣ ਵਿੱਚ ਸਰਕਾਰ ਅਸਫ਼ਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਅੱਜ ਵੀ ਇਹ ਚਰਚਾ ਨਹੀਂ ਹੋਣ ਦਿੱਤੀ ਜਾਵੇਗੀ।
ਗ਼ੈਰ ਜ਼ਿੰਮੇਵਾਰ ਸੀਐਮ, ਉਸ ਨੂੰ ਕੋਈ ਫਿਕਰ ਹੀ ਨਹੀਂ: ਵਿਧਾਨ ਸਭਾ 'ਚ ਪਹੁੰਚਣ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੀਟੀਸੀ ਅਤੇ ਅਜੀਤ ਨੂੰ ਪੰਜਾਬ ਵਿਧਾਨ ਸਭਾ ਵਿੱਚ ਆਉਣ ਦੀ ਇਜਾਜ਼ਤ ਨਾ ਦੇਣ ਦਾ ਮੁੱਦਾ ਵੀ ਚੁੱਕਿਆ ਜਾਵੇਗਾ। ਇਸ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿੰਨ੍ਹੀ ਜੇਲ੍ਹ ਅੰਦਰ ਸ਼ਰ੍ਹੇਆਮ ਗੁੰਡਾਗਰਦੀ ਹੋ ਰਹੀ ਹੈ, ਤਾਂ ਜੇਕਰ ਕੋਈ ਜ਼ਿੰਮੇਵਾਰ ਮੰਤਰੀ ਹੁੰਦਾ, ਤਾਂ ਹੁਣ ਤੱਕ ਅਸਤੀਫਾ ਦੇ ਦਿੰਦਾ। ਉਨ੍ਹਾਂ ਕਿਹਾ ਕਿ ਪੁਲਿਸ ਅਫ਼ਸਰਾਂ ਨੂੰ ਸਸਪੈਂਡ ਕਰਨਾ ਨਾਕਾਫੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਜੋ ਧੜੇ ਕਦੇ ਵੀ ਜੇਲ੍ਹ ਵਿੱਚ ਇੱਕਠੇ ਨਹੀਂ ਰੱਖੇ ਜਾਂਦੇ। ਜੇਕਰ ਰੱਖੇ ਹਨ, ਤਾਂ ਉਨ੍ਹਾਂ ਦਾ ਸਮਾਂ ਵੱਖਰਾ ਹੁੰਦਾ ਹੈ।
ਰਾਜਾ ਵੜਿੰਗ ਵੱਖਰੇ ਹੀ ਨਜ਼ਰ ਆਏ:ਵਿਰੋਧੀ ਧਿਰ ਕਾਂਗਰਸ ਆਗੂ ਰਾਜਾ ਵੜਿੰਗ ਵਿਧਾਨਸਭਾ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦੀਆਂ ਖਬਰਾਂ ਵਾਲੀ ਪ੍ਰਿੰਟ ਟੀਸ਼ਰਟ ਪਾ ਕੇ ਪਹੁੰਚੇ ਹਨ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਧਮਕੀਆਂ ਮਿਲ ਰਹੀਆਂ ਹਨ। ਇਕ ਵਾਰ ਫਿਰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀ ਧਿਰ ਸਦਨ ਵਿੱਚ ਹੰਗਾਮਾ ਕਰਨ ਦੇ ਪੂਰੇ ਮੂਡ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਬੇਹਦ ਮਾੜੇ ਹੋ ਚੁੱਕੇ ਹਨ। ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ।
ਵਿਰੋਧੀ ਜੇਲ੍ਹ ਅੰਦਰ ਆਪ ਮੋਬਾਈਲ ਪਹੁੰਚਾਉਂਦੇ ਸੀ, ਅਸੀਂ ਫੜ੍ਹ ਤਾਂ ਰਹੇ ਹਾਂ : ਆਪ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਹਰ ਚੀਜ਼ ਨੂੰ ਕੰਟਰੋਲ ਕਰਨ ਲਈ ਥੌੜਾ ਸਮਾਂ ਤਾਂ ਲੱਗਦਾ ਹੈ। ਪਿਛਲੀ ਸਰਕਾਰ ਵੇਲ੍ਹੇ ਤਾਂ ਉਹ ਆਪ ਮੋਬਾਈਲ ਜੇਲ੍ਹ ਅੰਦਰ ਦਿੰਦੇ ਸੀ, ਅਸੀਂ ਘੱਟੋਂ ਘੱਟ ਮੋਬਾਈਲ ਫੜ੍ਹ ਤਾਂ ਰਹੇ ਹਾਂ। ਗੋਲਡੀ ਕੰਬੋਜ ਨੇ ਕਿਹਾ ਕਿ ਸੀਐਮ ਮਾਨ ਨੇ ਸਾਰਾ ਕੰਮ ਨੂੰ ਲੈ ਕੇ ਪੂਰਾ ਜ਼ੋਰ ਲਾਇਆ ਹੈ, ਪਰ ਉਂਗਲਾਂ ਉਹ ਚੁੱਕ ਰਹੇ ਨੇ, ਜਿਨ੍ਹਾਂ ਨੂੰ ਗੇਟ ਤੋ ਬਾਹਰ ਕੱਢ ਕੇ ਜਲੀਲ ਕੀਤਾ ਜਾਂਦਾ ਸੀ।