ਚੰਡੀਗੜ੍ਹ: ਇੱਕ ਵਾਰ ਵਰਤੋਂ ’ਚ ਆਉਣ ਵਾਲੀ ਪਲਾਸਟਿਕ (ਸਿੰਗਲ ਯੂਜ਼ ਪਲਾਸਟਿਕ) ਤੋਂ ਛੁਟਕਾਰੇ ਲਈ ਵਿੱਢੀ ਕੌਮੀ ਮੁਹਿੰਮ ਦਾ ਹਿੱਸਾ ਬਣਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਲਾਮਬੰਦੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ 2 ਅਕਤੂਬਰ, 2019 ਨੂੰ ਲਾਂਚ ਕੀਤੀ ਜਾਣ ਵਾਲੀ ਪਲਾਸਟਿਕ ਵੇਸਟ ਸ਼੍ਰਮਦਾਨ ਮੁਹਿੰਮ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਵਾਤਾਵਰਨ, ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਪਲਾਸਟਿਕ ਕਾਰਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਿਆਪਕ ਰਣਨੀਤੀ ਉਲੀਕਣ ਦਾ ਨਿਰਦੇਸ਼ ਦਿੱਤਾ ਗਿਆ।
ਪੰਜਾਬ 2 ਅਕਤੂਬਰ ਨੂੰ ਲਾਂਚ ਕਰੇਗਾ ਪਲਾਸਟਿਕ ਵੇਸਟ ਸ਼੍ਰਮਦਾਨ ਮੁਹਿੰਮ ਲਈ ਲਾਮਬੰਦੀ
ਮੁੱਖ ਸਕੱਤਰ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹਦਾਇਤ ਕੀਤੀ ਗਈ ਕਿ ਸਿੰਗਲ ਯੂਜ਼ ਪਲਾਸਟਿਕ ਵਸਤਾਂ ਸਬੰਧੀ ਨਿਯਮਾਂ ਤਹਿਤ ਬਣਦੀਆਂ ਜ਼ਿੰਮੇਵਾਰੀਆਂ ਅਤੇ ਪਾਬੰਦੀ ਬਾਰੇ ਸੰਚਾਰ ਸਾਧਨਾਂ ਰਾਹੀਂ ਪ੍ਰਚਾਰ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਪਲਾਸਟਿਕ ਦੀ ਵਰਤੋਂ ਨੂੰ ਰੋਕਿਆ ਜਾਵੇ।
ਫ਼ੋਟੋ
ਮੁੱਖ ਸਕੱਤਰ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਨੂੰ ਨਿਰਦੇਸ਼ ਦਿੱਤਾ ਕਿ ਇਸ ਪ੍ਰੋਗਰਾਮ ਨੂੰ ਵਾਰਡ ਪੱਧਰ ’ਤੇ ਲਾਗੂ ਕਰਨ ਲਈ ਰਣੀਤੀ ਤਿਆਰ ਕੀਤੀ ਜਾਵੇ। ਇਸੇ ਤਰਾਂ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਨੂੰ ਇਸ ਮੁਹਿੰਮ ਨੂੰ ਪੇਂਡੂ ਇਲਾਕਿਆਂ ਵਿੱਚ ਸਫਲ ਬਣਾਉਣ ਦਾ ਆਦੇਸ਼ ਦਿੱਤਾ ਗਿਆ।