ਚੰਡੀਗੜ੍ਹ: ਸਾਲ 2022 ਦੀ ਜੇਕਰ ਗੱਲ ਕਰੀਏ ਤਾਂ ਇਸ ਸਾਲ ਪੰਜਾਬ ਦੇ ਲੋਕਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਕੇ ਤਖ਼ਤਾ ਪਲਟਦਿਆਂ ਰਿਵਾਇਤੀ ਪਾਰਟੀਆਂ ਨੂੰ ਝਟਕਾ ਦਿੱਤਾ ਅਤੇ ਪੰਜਬ ਦੀ ਡੋਰ ਆਮ ਆਦਮੀ ਪਾਰਟੀ ਸਰਕਾਰ ਦੇ ਹੱਥ ਫੜ੍ਹਾਈ। ਜਿੱਥੇ ਪੰਜਾਬ ਸਰਕਾਰ ਨੇ ਸੱਤਾ ਵਿੱਚ ਉਤਰਦਿਆਂ ਹੀ ਕੁੱਝ ਵਾਅਦੇ ਪੂਰੇ ਕੀਤੇ ਉੱਥੇ ਹੀ ਕਾਨੂੰਨ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਫੇਲ੍ਹ ਹੁੰਦੀ ਵਿਖਾਈ ਦਿੱਤੀ ਹੈ। ਆਓ ਝਾਤ (Look Back 2022) ਪਾਈਏ 2022 ਵਿੱਚ ਕਾਨੂੰਨ ਦੇ ਫੈਲੀਅਰ ਕਰਕੇ ਵਾਪਰੀਆਂ (Faller of Law in 2022) ਅਹਿਮ ਘਟਨਾਵਾਂ ਉੱਤੇ।
ਸਿੱਧੂ ਮੂਸੇਵਾਲਾ ਕਤਲ :29 ਮਈ 2022 ਨੂੰ ਪੰਜਾਬੀ ਗਾਇਕ ਅਤੇ ਕਾਂਗਰਸੀ ਲੀਡਰ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੇਸ਼ ਵਿਦੇਸ਼ ਵਿਚ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਇਹ ਸਭ ਤੋਂ ਦੁਖਦਾਈ ਘਟਨਾ ਸੀ। ਸਿੱਧੂ ਮੂਸੇਵਾਲਾ ਕਤਲ ਉੱਤੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਸੀ। ਕਿਉਂਕਿ ਕਤਲ ਤੋਂ 1 ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕੀਤੀ ਗਈ ਸੀ।
ਦੋ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਦੇ ਕਤਲ:14 ਮਾਰਚ 2022 ਜਲੰਧਰ ਦੇ ਪਿੰਡ ਮੱਲ੍ਹੀਆਂ ਵਿੱਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ (Murder of Kabaddi player Sandeep Nangal Ambian) ਦਾ ਚੱਲਦੇ ਮੈਚ ਵਿਚ ਗੋਲੀਆਂ ਮਾਰ ਕੇ 5 ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਸ ਵੇਲੇ ਦੀ ਸੀ ਜਦੋਂ ਪੰਜਾਬ ਵਿਚ ਨਵੀਂ ਚੁਣੀ ਸਰਕਾਰ ਦਾ ਸਹੁੰ ਚੁੱਕ ਸਮਾਗਮ ਵੀ ਨਹੀਂ ਹੋਇਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਅਪ੍ਰੈਲ ਮਹੀਨੇ ਵਿਚ ਪਟਿਆਲਾ ਦੇ ਪਿੰਡ ਦੌਣ ਕਲਾਂ ਵਿਚ ਕਬੱਡੀ ਖਿਡਾਰੀ ਧਰਮਿੰਦਰ ਸਿੰਘ ਦਾ ਕਤਲ ਹੋਇਆ। ਪੁਲਿਸ ਨੇ ਇਸ ਕਤਲ ਦੇ ਕਾਰਨਾਂ ਦਾ ਖੁਲਾਸਾ ਕਰਦਿਆਂ ਦੱਸਿਆ ਸੀ ਕਿ ਇਹ ਕਤਲ ਨਿੱਜੀ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ। ਇਹਨਾਂ ਦੋਵਾਂ ਘਟਨਾਵਾਂ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ।
ਸੁਧੀਰ ਸੂਰੀ ਅਤੇ ਡੇਰਾ ਪ੍ਰੇਮੀ ਦਾ ਕਤਲ: 4 ਨਵੰਬਰ 2022 ਨੂੰ ਸ਼ਿਵ ਸੈਨਾ ਆਗੂ ਸੁਧੀਰ ਸੂਰੀ (Murder of Shiv Sena leader Sudhir Suri) ਦਾ ਸੁਰੱਖਿਆ ਛੱਤਰੀ ਹੇਠ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਇਸ ਘਟਨਾ ਤੋਂ ਬਾਅਦ ਵੀ ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਦੀ ਡਾਂਵਾਂਡੋਲ ਸਥਿਤੀ 'ਤੇ ਪੰਜਾਬੀਆਂ ਵਿਚ ਡਰ ਪੈਦਾ ਹੋ ਗਿਆ ਸੀ।ਕਿਉਂਕਿ ਲਗਾਤਾਰ ਪੰਜਾਬ ਵਿਚ ਖੂਨ ਖਰਾਬੇ ਦੀਆਂ ਘਟਨਾਵਾਂ ਸਾਹਮਣੇ ਆ ਆਉਂਦੀਆਂ ਰਹੀਆਂ। ਇਨ੍ਹਾਂ ਹੀ ਨਹੀਂ ਫਰੀਦਕੋਟ ਵਿਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਟਾਰੀਆ ਦਾ ਵੀ ਪੁਲਿਸ ਸੁਰੱਖਿਆ ਦੇ ਹੁੰਦਿਆਂ ਫਰੀਦਕੋਟ ਵਿਚ ਕਤਲ ਕੀਤਾ ਗਿਆ ਸੀ। ਹਾਲਾਂਕਿ ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਤਾਂ ਕਰ ਲਿਆ ਗਿਆ ਪਰ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਸਵਾਲਾਂ ਦੇ ਘੇਰੇ ਵਿਚ ਜ਼ਰੂਰ ਰਹੀ।