ਹੈਦਰਾਬਾਦ (ਡੈਸਕ) :ਪੰਜਾਬ ਵਿੱਚ ਕਈ ਥਾਂ ਅਜੇ ਵੀ ਹੜ੍ਹ ਦੀ ਮਾਰ ਹੇਠ ਹਨ। ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਰਾਹਤ ਕਾਰਜ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਘੱਗਰ ਦੇ ਨਾਲ ਲੱਗਦੇ ਖੇਤਰਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਘੱਗਰ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਪਟਿਆਲਾ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ। ਕਈ ਕਿਸਾਨਾਂ ਦੀਆਂ ਫ਼ਸਲਾਂ ਤੱਕ ਵੀ ਤਬਾਹ ਹੋ ਗਈਆਂ ਹਨ। ਪਟਿਆਲਾ ਦੇ ਭਾਗਪੁਰ ਤੇ ਨੇੜਲੇ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਅਲਰਟ ਜਾਰੀ ਕੀਤੇ ਜਾਣ ਕਰਕੇ ਸਥਿਤੀ ਕੰਟਰੋਲ ਵਿੱਚ ਹੈ।
ਐਸਡੀਐਮ ਪਰਲੀਨ ਕੌਰ ਰਾਤ ਤੋਂ ਹੀ ਹੜ੍ਹ ਪ੍ਰਭਾਵਿਤ ਥਾਂ 'ਤੇ ਮੌਜੂਦ:ਰਾਤ ਨੂੰ ਸਭ ਤੋਂ ਪਹਿਲਾਂ ਦੜਵਾ ਪਿੰਡ ਵਿੱਚ ਪਾਣੀ ਚੜ੍ਹਿਆ। ਇਸ ਤੋਂ ਬਾਅਦ ਘੱਗਰ ਨੇ ਭਾਗਪੁਰ ਨੂੰ ਵੀ ਅਪਣੀ ਚਪੇਟ ਵਿੱਚ ਲੈ ਲਿਆ। ਐਸਡੀਐਮ ਪਰਲੀਨ ਕੌਰ ਬਰਾੜ ਨੇ ਰਾਤ ਵੇਲ੍ਹੇ ਹੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਤਹਿਸੀਲਦਾਰ ਅਤੇ ਹੋਰ ਸਟਾਫ਼ ਨੇ ਪਿੰਡ ਵਿੱਚ ਪਹੁੰਚ ਕੇ ਸਥਿਤੀ ’ਤੇ ਨਜ਼ਰ ਰੱਖੀ। ਖਾਸ ਗੱਲ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਮਨਰੇਗਾ ਤਹਿਤ ਕੰਮ ਕਰਦੇ ਲੋਕ ਵੀ ਸਥਿਤੀ ਨੂੰ ਕਾਬੂ ਕਰਨ ਵਿੱਚ ਲੱਗੇ ਹੋਏ ਸਨ।
ਹੁਸੈਨੀਵਾਲਾ ਤੋਂ ਪਾਕਿ ਵੱਲ ਛੱਡਿਆ ਪਾਣੀ: ਫਿਰੋਜ਼ਪੁਰ ਵਿੱਚ ਵੀ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਸਵੇਰੇ 8 ਵਜੇ ਹਰੀਕੇ ਹੈੱਡ ਤੋਂ ਹੁਸੈਨੀਵਾਲਾ ਹੈੱਡ ਵੱਲ 81338 ਕਿਊਸਿਕ ਪਾਣੀ ਛੱਡਿਆ ਗਿਆ, ਜਦਕਿ ਹੁਸੈਨੀਵਾਲਾ ਹੈੱਡ ਤੋਂ ਪਾਕਿਸਤਾਨ ਵੱਲ 76580 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।