ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਮਾਗਮ ਮੌਕੇ ਸੂਬੇ ਨੂੰ ਬਿਨਾਂ ਸਬਸਿਡੀ ਵਾਲਾ ਮਿੱਟੀ ਦਾ ਤੇਲ ਦਿੱਤਾ ਜਾਵੇਗਾ। ਇਹ ਜਾਣਕਾਰੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐਮ.ਓ.ਪੀ ਅਤੇ ਐਨ.ਜੀ.), ਭਾਰਤ ਸਰਕਾਰ ਨੂੰ ਸਾਲ 2019-20 ਵਿੱਚ ਵਿਸ਼ੇਸ਼ ਲੋੜਾਂ ਲਈ ਗੈਰ-ਸਬਸਿਡੀ ਵਾਲਾ ਮਿੱਟੀ ਦਾ ਤੇਲ ਅਲਾਟ ਕਰਨ ਲਈ ਕੀਤੀ ਗਈ ਬੇਨਤੀ 'ਤੇ ਵਿਚਾਰ ਕੀਤਾ ਗਿਆ, ਅਤੇ ਸੂਬੇ ਨੂੰ ਇਸ ਸਾਲ 6192 ਕਿਲੋ ਲੀਟਰ ਬਿਨਾਂ ਸਬਸਿਡੀ ਵਾਲਾ ਪੀ.ਡੀ.ਐਸ. ਮਿੱਟੀ ਦਾ ਤੇਲ ਅਲਾਟ ਕੀਤਾ ਗਿਆ ਹੈ।
ਸਿਨਹਾ ਨੇ ਦੱਸਿਆ ਕਿ 550 ਵੇਂ ਪ੍ਰਕਾਸ਼ ਪੁਰਬ ਮੌਕੇ ਸਾਲ ਭਰ ਚਲਣ ਵਾਲੇ ਸਮਾਗਮਾਂ ਨੂੰ ਮਨਾਉਣ ਲਈ ਕਈ ਧਾਰਮਿਕ ਗਤੀਵਿਧੀਆਂ ਜਿਵੇਂ ਕੀਰਤਨ, ਕਥਾ, ਪ੍ਰਭਾਤ ਫੇਰੀ, ਲੰਗਰ ਅਤੇ ਵਿਦਿਅਕ ਗਤੀਵਿਧੀਆਂ ਜਿਵੇਂ ਸੈਮੀਨਾਰ, ਵਰਕਸ਼ਾਪ, ਲੈਕਚਰ ਆਦਿ ਆਯੋਜਿਤ ਕੀਤੇ ਜਾ ਰਹੇ ਹਨ। ਅਜਿਹੀਆਂ ਸਾਰੀਆਂ ਗਤੀਵਿਧੀਆਂ ਵਿੱਚ ਸੰਗਤ, ਆਮ ਲੋਕ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਜਿਸ ਕਰਕੇ ਵੱਡੇ ਪੱਧਰ 'ਤੇ ਲੰਗਰ ਤਿਆਰ ਕੀਤਾ ਜਾਂਦਾ ਹੈ। ਇਸ ਕਰਕੇ ਖਾਣਾ ਪਕਾਉਣ ਲਈ ਵਧੇਰੇ ਮਾਤਰਾ ਵਿੱਚ ਤੇਲ ਦੀ ਲੋੜ ਹੈ, ਕਿਉਂਕਿ ਵੱਡੇ ਪੱਧਰ 'ਤੇ ਲੱਕੜ ਦੀ ਵਰਤੋਂ ਕਰਨ ਨਾਲ ਸੂਬੇ ਵਿੱਚ ਪ੍ਰਦੂਸ਼ਣ ਵਧੇਗਾ 'ਤੇ ਨਾਲ ਹੀ ਸੂਬੇ ਦੀ ਹਰਿਆਲੀ ਨੂੰ ਨੁਕਸਾਨ ਪਹੁੰਚੇਗਾ। ਇਸ ਲਈ, ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਢੁਕਵੇਂ ਢੰਗ ਅਤੇ ਵੱਡੇ ਪੱਧਰ 'ਤੇ ਮਨਾਉਣ ਲਈ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐਮ.ਓ.ਪੀ ਐਂਡ ਐਨ.ਜੀ.), ਭਾਰਤ ਸਰਕਾਰ ਨੇ ਵਿਸ਼ੇਸ਼ ਲੋੜਾਂ ਵਾਸਤੇ ਗੈਰ-ਸਬਸਿਡੀ ਵਾਲਾ ਮਿੱਟੀ ਦਾ ਤੇਲ ਅਲਾਟ ਕੀਤਾ ਹੈ।