ਪੰਜਾਬ ਤੇ ਬਿਹਾਰ ਪੁਲਿਸ ਦੀ ਪ੍ਰੈਸ ਕਾਨਫਰੰਸ ਚੰਡੀਗੜ੍ਹ:-ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਡੀ ਸਫਲਤਾ ਦਰਜ ਕਰਦਿਆਂ ਪੰਜਾਬ ਪੁਲਿਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐਫ) ਅਤੇ ਮੋਗਾ ਪੁਲਿਸ ਨੇ ਬਿਹਾਰ ਪੁਲਿਸ ਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਚਲਾਏ ਸਾਂਝੇ ਅਪਰੇਸ਼ਨ ਤਹਿਤ ਮੋਗਾ ਜਵੈਲਰ ਕਤਲ ਕੇਸ ਵਿੱਚ ਸ਼ਾਮਲ 4 ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਉਕਤ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ ।
ਇਹ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਕਤਲ ਨੂੰ ਅੰਜ਼ਾਮ ਦੇਣ ਵਾਲਿਆਂ ਵਿੱਚ ਸ਼ਾਮਲ 3 ਆਰੋਪੀਆਂ ਨੂੰ ਪਟਨਾ, ਬਿਹਾਰ ਤੋਂ ਅਤੇ ਇੱਕ ਆਰੋਪੀ ਨੂੰ ਨਾਂਦੇੜ, ਮਹਾਂਰਾਸ਼ਟਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 12 ਜੂਨ 2023 ਨੂੰ ਮੋਗਾ ਵਿੱਚ 5 ਅਣਪਛਾਤੇ ਵਿਅਕਤੀਆਂ ਨੇ ਇੱਕ ਸਵਰਨਕਾਰੀ (ਜਿਊਲਰੀ) ਦੁਕਾਨ ਦੇ ਮਾਲਕ ਪਰਮਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਉਸ ਦੀ ਦੁਕਾਨ ‘ਏਸ਼ੀਆ ਜਵੈਲਰਜ਼’ ਚੋਂ ਬੰਦੂਕ ਦੀ ਨੋਕ ‘ਤੇ ਸੋਨੇ ਦੇ ਗਹਿਣੇ ਲੁੱਟ ਲਏ ਸਨ। ਗ਼ੌਰਤਲਬ ਹੈ ਕਿ ਮੌਕਾ ਵਾਰਦਾਤ ਤੋਂ ਫਰਾਰ ਹੋਣ ਤੋਂ ਪਹਿਲਾਂ ਆਰੋਪੀਆਂ ਨੇ ਮ੍ਰਿਤਕ ਪਰਮਿੰਦਰ ਸਿੰਘ ਤੋਂ ਉਸਦਾ ਲਾਇਸੈਂਸੀ ਰਿਵਾਲਵਰ ਵੀ ਖੋਹ ਲਿਆ ਸੀ।
ਇਸ ਦੌਰਾਨ ਹੀ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਿੰਨ ਮੁਲਜਮਾਂ ਜਿੰਨਾਂ ਦੀ ਪਛਾਣ ਰਾਜਵਿੰਦਰ ਸਿੰਘ ਉਰਫ ਮੰਗਾ ਉਰਫ ਰਾਜੂ ਵਾਸੀ ਮੋਗਾ, ਰਾਜਵੀਰ ਸਿੰਘ ਉਰਫ ਅਵਿਨਾਸ਼ ਸਿੰਘ ਵਾਸੀ ਬਿਹਾਰ ਅਤੇ ਵਰੁਣ ਜੈਜ਼ੀ ਉਰਫ ਵਾਨੂ ਵਾਸੀ ਜਲੰਧਰ ਵਜੋਂ ਹੋਈ, ਨੂੰ ਬਿਹਾਰ ਦੇ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਚੌਥੇ ਮੁਲਜ਼ਮ , ਜਿਸਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਵਜੋਂ ਹੋਈ ਹੈ, ਨੂੰ ਮਹਾਰਾਸ਼ਟਰ ਦੇ ਜ਼ਿਲਾ ਨਾਂਦੇੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਵਾਰਦਾਤ ਦੌਰਾਨ ਵਰਤੇ ਗਏ ਦੋ ਪਿਸਤੌਲ, ਜਿਨਾਂ ਵਿੱਚ ਇੱਕ 315 ਬੋਰ (ਦੇਸੀ ) ਅਤੇ ਇੱਕ 32 ਬੋਰ ਪਿਸਤੌਲ ਸਮੇਤ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜਮਾਂ ਕੋਲੋਂ ਮ੍ਰਿਤਕ ਪਰਮਿੰਦਰ ਸਿੰਘ ਦਾ ਲਾਇਸੈਂਸੀ ਰਿਵਾਲਵਰ ਵੀ ਬਰਾਮਦ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਰੇ ਮੁਲਜ਼ਮ ਜੁਰਾਇਮ-ਪੇਸ਼ਾ( ਹਿਸਟਰੀ ਸ਼ੀਟਰ) ਹਨ ਅਤੇ ਇਨਾਂ ਖ਼ਿਲਾਫ਼ ਪੰਜਾਬ ਅਤੇ ਬਿਹਾਰ ਰਾਜ ਵਿੱਚ ਡਕੈਤੀ, ਚੋਰੀ, ਅਸਲਾ ਐਕਟ, ਐਨਡੀਪੀਐਸ ਐਕਟ ਆਦਿ ਦੇ ਅਪਰਾਧਿਕ ਮਾਮਲੇ ਦਰਜ ਹਨ। ਉਨਾਂ ਦੱਸਿਆ ਕਿ ਮੁਲਜ਼ਮ ਰਾਜਵੀਰ ਇਸ ਤੋਂ ਪਹਿਲਾਂ ਜਲੰਧਰ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲਿਸ ਹਿਰਾਸਤ ਵਿੱਚੋਂ ਭੱਜ ਗਿਆ ਸੀ ਅਤੇ ਉਦੋਂ ਤੋਂ ਹੀ ਫਰਾਰ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਨੇ ਪੰਜਵੇਂ ਆਰੋਪੀ ਗੋਲੂ ਵਾਸੀ ਪਟਨਾ, ਬਿਹਾਰ ਦੀ ਵੀ ਸ਼ਨਾਖ਼ਤ ਕਰ ਲਈ ਹੈ ਅਤੇ ਬੜੀ ਮੁਸਤੈਦੀ ਨਾਲ ਪੁਲਿਸ ਦੀਆਂ ਕਈ ਟੀਮਾਂ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਉਨਾਂ ਕਿਹਾ ਕਿ ਜਲਦ ਹੀ ਫ਼ਰਾਰ ਮੁਲਜ਼ਮ ਜੇਲ੍ਹ ਦੀਆਂ ਸੀਖਾਂ ਪਿੱਛੇ ਹੋਵੇਗਾ। ਇਸ ਕੇਸ ਸਬੰਧੀ ਐਫ.ਆਈ.ਆਰ ਨੰ 105 ਮਿਤੀ 12/06/2023 ਨੂੰ ਪਹਿਲਾਂ ਹੀ ਆਈ.ਪੀ.ਸੀ. ਦੀ ਧਾਰਾ 396, 394, 397, 459 ਅਤੇ 379ਬੀ ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਸਿਟੀ ਮੋਗਾ ਦੱਖਣੀ ਵਿਖੇ ਦਰਜ ਕੀਤੀ ਜਾ ਚੁੱਕੀ ਹੈ।
ਬਿਊਰ ਜੇਲ੍ਹ ਵਿੱਚ ਬਣਾਈ ਸੀ ਯੋਜਨਾ :-ਇਸ ਸਬੰਧੀ ਬੀਹਟਾ ਥਾਣਾ ਮੁਖੀ ਡੀ.ਐਸ.ਪੀ ਡਾ. ਅਨੂ ਕੁਮਾਰੀ ਨੇ ਦੱਸਿਆ ਕਿ ਬੀਹਟਾ ਵਿੱਚ ਤਿੰਨ ਅਪਰਾਧੀ ਆਪਣੀ ਪਛਾਣ ਛੁਪਾ ਰਹੇ ਸਨ। ਨੇ ਸਾਂਝੇ ਤੌਰ 'ਤੇ ਛਾਪੇਮਾਰੀ ਕਰਕੇ ਦੋ ਵੱਖ-ਵੱਖ ਥਾਵਾਂ ਤੋਂ ਤਿੰਨ ਅਪਰਾਧੀਆਂ ਨੂੰ ਕਾਬੂ ਕੀਤਾ ਹੈ। ਇਸ ਵਿੱਚ ਇੱਕ ਲਖੀਸਰਾਏ ਦਾ ਹੈ ਜਦਕਿ ਦੋ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਹਨ। ਬਿਹਾਰ ਦੇ ਰਹਿਣ ਵਾਲੇ ਰਾਜਵੀਰ ਦੇ ਖਿਲਾਫ ਪਟਨਾ ਦੇ ਦਾਨਾਪੁਰ, ਰੂਪਸਪੁਰ ਅਤੇ ਬੇਰ ਥਾਣਿਆਂ 'ਚ ਵੀ ਲੁੱਟ-ਖੋਹ ਦਾ ਮਾਮਲਾ ਦਰਜ ਹੈ। ਤਿੰਨੋਂ ਅੰਤਰਰਾਜੀ ਲੁਟੇਰਾ ਗਰੋਹ ਦੇ ਮੈਂਬਰ ਹਨ। ਇਸ ਤੋਂ ਪਹਿਲਾਂ ਇਹ ਸਾਰੇ ਬਿਊਰ ਜੇਲ੍ਹ ਵਿੱਚ ਮਿਲੇ ਸਨ। ਉੱਥੋਂ ਉਨ੍ਹਾਂ ਨੇ ਲੁੱਟ ਦੀ ਯੋਜਨਾ ਬਣਾਈ ਸੀ। (ਪ੍ਰੈਸ ਨੋਟ)