ਚੰਡੀਗੜ੍ਹ: ਪੰਜਾਬ ਪੁਲਿਸ ਨੇ ਵੀਰਵਾਰ ਦੀ ਰਾਤ ਨੂੰ ਇੱਕ ਹੋਰ ਅੱਤਵਾਦੀ ਗੁੱਟ ਦਾ ਪਰਦਾਫਾਸ਼ ਕੀਤਾ, ਜਿਸ 'ਚ 2 ਕਥਿਤ ਖ਼ਾਲਿਸਤਾਨੀ ਕਾਰਕੁਨਾਂ ਦੀ ਗ੍ਰਿਫ਼ਤਾਰੀ ਕੀਤੀ ਗਈ। ਇਹ ਕਾਰਕੁਨ ਪਾਕਿਸਤਾਨੀ ਹਮਾਇਤਕਾਰਾਂ ਅਤੇ ਹੈਂਡਲਰਾਂ ਦੇ ਇਸ਼ਾਰੇ ‘ਤੇ ਕਈ ਅੱਤਵਾਦੀ ਹਮਲੇ ਕਰਨ ਅਤੇ ਉਥਲ ਪੁਥਲ ਮਚਾਉਣ ਦੀ ਤਿਆਰੀ ਕਰ ਰਹੇ ਸਨ।
ਇਨ੍ਹਾਂ ਦੋਵਾਂ ਕੋਲੋਂ ਜਰਮਨ ਦੀ ਬਣੀ ਇੱਕ ਐਮਪੀ 5 ਸਬ-ਮਸ਼ੀਨ ਗਨ, ਇੱਕ 9 ਐਮਐਮ ਪਿਸਤੌਲ, 4 ਮੈਗਜ਼ੀਨ ਅਤੇ ਸ਼ੱਕੀ ਗੱਲਬਾਤ ਸੰਦੇਸ਼, ਫ਼ੋਟੋਆਂ ਆਦਿ ਵਾਲੇ 2 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਮੋਬਾਈਲ ਫ਼ੋਨਾਂ 'ਚ ਪਾਕਿਸਤਾਨ ਅਧਾਰਤ ਤੱਤਾਂ ਨਾਲ ਸ਼ੱਕੀ ਲੈਣ-ਦੇਣ ਦਾ ਖ਼ੁਲਾਸਾ ਹੋਇਆ, ਜਿਨ੍ਹਾਂ 'ਚ ਫ਼ੋਟੋਆਂ, ਵਾਇਸ ਸੰਦੇਸ਼ ਅਤੇ ਇੱਕ ਵਿਸ਼ੇਸ਼ ਭੂ-ਸਥਾਨ ਦੇ ਨਿਰਦੇਸ਼ਕ ਸ਼ਾਮਲ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਪੱਤਰਕਾਰਾਂ ਨੂੰ ਇਸ ਸਫ਼ਲਤਾ ਬਾਰੇ ਦੱਸਿਆ। ਇਸ ਤੋਂ ਇਲਾਵਾ, ਖ਼ਾਲਿਸਤਾਨ ਦੇ ਗਠਨ ਨਾਲ ਸਬੰਧਤ ਵੱਡੀ ਕਿਸਮ ਦੀਆਂ ਪੋਸਟਾਂ ਅਤੇ ਵੈਬ-ਲਿੰਕ ਵੀ ਗੁਰਮੀਤ ਸਿੰਘ ਦੇ ਮੋਬਾਈਲ ਫ਼ੋਨ `ਤੇ ਪਾਏ ਗਏ, ਜੋ ਪਾਕਿਸਤਾਨ ਵੱਲੋਂ ਸਪਾਂਸਰ ਕੀਤੇ ਆਈਐਸਆਈ ਤੇ ਭਾਰਤ ਵਿਰੋਧੀ ਤੱਤਾਂ ਨਾਲ ਬਾਕਾਇਦਾ ਸੰਪਰਕ ਵਿਚ ਸੀ।
ਇਸ ਸਬੰਧੀ ਮਿਤੀ 19.06.2020 ਨੂੰ 120 ਬੀ,121 ਆਈਪੀਸੀ, 25, 54, 59 ਆਰਮਜ਼ ਐਕਟ ਆਰ / ਡਬਲਯੂ 13,17,18, 18 ਬੀ, 20 ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, ਤਹਿਤ ਐਫ.ਆਈ.ਆਰ. ਨੰਬਰ 184 ਦਰਜ ਕੀਤੀ ਗਈ।