ਚੰਡੀਗੜ੍ਹ/ਬਠਿੰਡਾ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਦੇ ਦੋ ਕਾਰਕੁਨਾਂ ਨੂੰ ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਵਿੱਚ ਜਨਤਕ ਥਾਵਾਂ ’ਤੇ ਦੇਸ਼ ਵਿਰੋਧੀ ਨਾਅਰੇ ਲਿਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਮਾਸਟਰਮਾਈਂਡ ਗੁਰਪਤਵੰਤ ਸਿੰਘ ਪੰਨੂ ਅਤੇ ਜਗਜੀਤ ਸਿੰਘ ਦੀ ਹਮਾਇਤ ਵਾਲੀ ਨਿਊਯਾਰਕ ਸਥਿਤ ਐਸ.ਐਫ.ਜੇ.ਨੂੰ ਭਾਰਤ ਸਰਕਾਰ ਨੇ ਗੈਰ-ਕਾਨੂੰਨੀ ਸੰਗਠਨ ਵਜੋਂ ਨਾਮਜ਼ਦ ਕੀਤਾ ਹੈ। ਹਾਲ ਹੀ ਵਿੱਚ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਬਠਿੰਡਾ, ਕ੍ਰਿਕਟ ਵਿਸ਼ਵ ਕੱਪ ਮੈਚਾਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ, ਰਾਜਸਥਾਨ ਦੇ ਹਨੂੰਮਾਨਗੜ੍ਹ ਰੇਲਵੇ ਸਟੇਸ਼ਨ ਵਿਖੇ ਅਤੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਗੁਰੂਪੁਰਬ ਦੌਰਾਨ ਵੱਖ-ਵੱਖ ਥਾਵਾਂ ’ਤੇ ‘ਏਅਰ ਇੰਡੀਆ ਦਾ ਬਾਈਕਾਟ ਕਰੋ’, ‘ਖਾਲਿਸਤਾਨ ਜ਼ਿੰਦਾਬਾਦ ਅਤੇ ਐਸ.ਐਫ.ਜੇ. ਜ਼ਿੰਦਾਬਾਦ’, ਜਿਹੇ ਨਾਅਰੇ ਦੇਖੇ ਗਏ ਸਨ।
ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਨਸੀਬਪੁਰਾ, ਤਲਵੰਡੀ ਸਾਬੋ, ਬਠਿੰਡਾ ਅਤੇ ਲਵਪ੍ਰੀਤ ਸਿੰਘ ਵਾਸੀ ਕੋਟਸ਼ਮੀਰ, ਬਠਿੰਡਾ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਕਾਲੀ ਸਪਰੇਅ ਦੇ ਤਿੰਨ ਕੈਨ, ਇਕ ਖਾਲਿਸਤਾਨ ਦਾ ਝੰਡਾ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।