ਚੰਡੀਗੜ੍ਹ : 15 ਮਹੀਨੇ ਪੂਰੇ ਹੋਣ ’ਤੇ ਪੰਜਾਬ ਪੁਲਿਸ ਨੇ 5 ਜੁਲਾਈ, 2022 ਤੋਂ ਹੁਣ ਤੱਕ 3003 ਵੱਡੀਆਂ ਮੱਛੀਆਂ ਸਮੇਤ 20979 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕੁੱਲ 15434 ਐਫਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 1864 ਵਪਾਰਕ ਮਾਤਰਾ ਨਾਲ ਸਬੰਧਤ ਹਨ।ਆਈਜੀਪੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬੇ ਭਰ ਤੋਂ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 1510.55 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ, ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੇ ਬੰਦਰਗਾਹਾਂ ਤੋਂ 147.5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਨਾਲ ਮਹਿਜ਼ 15 ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਪ੍ਰਭਾਵੀ ਰਿਕਵਰੀ 1658.05 ਕਿਲੋ ਹੋ ਗਈ ਹੈ।
ਕਰੋੜਾਂ ਦੀਆਂ ਜਾਇਦਾਦਾਂ ਵੀ ਜ਼ਬਤ :ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਆਈ.ਜੀ.ਪੀ. ਨੇ ਦੱਸਿਆ ਕਿ ਪੁਲਿਸ ਨੇ ਸੂਬੇ ਭਰ ਵਿੱਚੋਂ 924.29 ਕਿਲੋ ਅਫੀਮ, 986.06 ਕਿਲੋ ਗਾਂਜਾ, 470.91 ਕੁਇੰਟਲ ਭੁੱਕੀ ਅਤੇ 92.03 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਪਿਛਲੇ 15 ਮਹੀਨਿਆਂ ਦੌਰਾਨ ਫੜੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ’ਚੋਂ 15.81 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਇਨ੍ਹਾਂ 15 ਮਹੀਨਿਆਂ ਦੌਰਾਨ 111 ਵੱਡੇ ਤਸਕਰਾਂ ਦੀਆਂ 88.3 ਕਰੋੜ ਰੁਪਏ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਦਿਹਾਤੀ ਵਿੱਚ ਸਭ ਤੋਂ ਵੱਧ 40.3 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਇਸ ਤੋਂ ਬਾਅਦ ਜ਼ਿਲ੍ਹਾ ਤਰਨਤਾਰਨ ਵਿੱਚ 12.06 ਕਰੋੜ ਰੁਪਏ ਦੀਆਂ ਜਾਇਦਾਦਾਂ ਅਤੇ ਫਿਰੋਜ਼ਪੁਰ ਵਿੱਚ 6.16 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਹਫਤਾਵਾਰੀ ਅਪਡੇਟ ਦਿੰਦੇ ਹੋਏ, ਆਈਜੀਪੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਪੁਲਿਸ ਨੇ 185 ਐਫਆਈਆਰਜ਼, ਜਿਹਨਾਂ ਵਿਚ 21 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ, ਦਰਜ ਕਰਕੇ 260 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਕੋਲੋਂ 15.82-ਕਿਲੋ ਹੈਰੋਇਨ, 6.13-ਕਿਲੋ ਅਫੀਮ, 6.38 ਕੁਇੰਟਲ ਭੁੱਕੀ, 43388 ਗੋਲੀਆਂ/ਕੈਪਸੂਲ/ਟੀਕੇ/ਫਾਰਮਾ ਓਪੀਔਡਜ਼ ਦੀਆਂ ਸ਼ੀਸ਼ੀਆਂ ਤੋਂ ਇਲਾਵਾ 4.11 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।