ਚੰਡੀਗੜ੍ਹ :ਅੱਜ ਤੁਹਾਨੂੰ ਅਸੀਂ ਇਕ ਅਜਿਹੇ ਪੁਲਿਸ ਮੁਲਾਜ਼ਮ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਲੋਕਾਂ ਦੀਆਂ ਹੱਡੀਆਂ ਤੋੜਦਾ ਨਹੀਂ ਬਲਕਿ ਜੋੜਦਾ ਹੈ। ਏਐਸਆਈ ਨਿਸ਼ਾਨ ਸਿੰਘ ਜੋ ਕਿ ਪਿਛਲੇ 10-12 ਸਾਲ ਤੋਂ ਪੰਜਾਬ ਹਰਿਆਣਾ ਹਾਈਕੋਰਟ ਵਿਚ ਡਿਊਟੀ 'ਤੇ ਤੈਨਾਤ ਹਨ।ਉਹ ਆਪਣੀ ਡਿਊਟੀ ਦੇ ਨਾਲ ਨਾਲ ਲੋਕਾਂ ਦੀਆਂ ਪਸਲੀਆਂ, ਜੋੜਾਂ ਦਾ ਦਰਦ ਅਤੇ ਸਰਵਾਈਕਲ ਦਾ ਇਲਾਜ ਕੁਝ ਖਾਸ ਤਰੀਕਿਆਂ ਨਾਲ ਕਰਦੇ ਹਨ। ਏਐਸਆਈ ਨਿਸ਼ਾਨ ਸਿੰਘ ਸਿਰਫ਼ ਹੱਥ ਲਗਾਉਂਦੇ ਹਨ ਅਤੇ ਸਾਲੋ ਸਾਲ ਪੁਰਾਣੀਆ ਦਰਦਾਂ ਛੂ ਮੰਤਰ ਹੋ ਜਾਂਦੀਆਂ ਹਨ। ਨਹੀਂ ਯਕੀਨ ਤਾਂ ਤੁਸੀ ਆਪ ਈ ਵੇਖ ਲਓ ਈਟੀਵੀ ਭਾਰਤ ਵੱਲੋਂ ਉਹਨਾਂ ਨਾਲ ਖਾਸ ਗੱਲਬਾਤ ਕੀਤੀ ਗਈ।
ਜਦੋਂ ਤੋਂ ਡਿਊਟੀ ਜੁਆਇਨ ਕੀਤੀ ਉਦੋਂ ਤੋਂ ਕਰ ਰਹੇ ਲੋਕਾਂ ਦਾ ਇਲਾਜ :ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਨਿਸ਼ਾਨ ਸਿੰਘ ਨੇ ਦੱਸਿਆ ਕਿ 1988 'ਚ ਉਹਨਾਂ ਨੇ ਪੰਜਾਬ ਪੁਲਿਸ ਵਿਚ ਡਿਊਟੀ ਜੁਆਇਨ ਕੀਤੀ ਅਤੇ ਉਸ ਵੇਲੇ ਤੋਂ ਹੀ ਲੋਕਾਂ ਦੀਆਂ ਹੱਡੀਆਂ ਪਸਲੀਆਂ ਦਾ ਇਲਾਜ ਕਰ ਰਹੇ ਅਤੇ ਦਰਦਾਂ ਠੀਕ ਕਰ ਰਹੇ ਹਨ।ਨਿਸ਼ਾਨ ਸਿੰਘ ਪੁਰਾਣੀਆਂ ਦਰਦਾਂ, ਧਰਨ, ਮਾਈਗ੍ਰੇਨ ਅਤੇ ਸਰਵਾਈਕਲ ਵਰਗੀਆਂ ਬਿਮਾਰੀਆਂ ਦੀਆਂ ਦਰਦਾਂ ਦਾ ਉਂਗਲਾਂ ਦੇ ਪੋਟਿਆਂ ਨਾਲ ਇਲਾਜ ਕਰਦੇ।ਉਹਨਾਂ ਦੱਸਿਆ ਕਿ ਹਾਈਕੋਰਟ ਦੇ ਸਟਾਫ਼, ਵਕੀਲਾਂ ਅਤੇ ਹੋਰ ਸਟਾਫ਼ ਦਾ ਇਲਾਜ ਵੀ ਉਹਨਾਂ ਵੱਲੋਂ ਕੀਤਾ ਗਿਆ ਹੈ।ਹਰ ਰੋਜ਼ ਉਹਨਾਂ ਕੋਲ 5 ਤੋਂ 7 ਲੋਕ ਆਉਂਦੇ ਹਨ।