ਚੰਡੀਗੜ੍ਹ :ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਸਮਾਜਿਕ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰ ਵਿਰੁੱਧ 177 ਐਫਆਈਆਰਜ਼ ਦਰਜ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ 10 ਵਜੇ ਚਲਾਏ ਇਸ ਬਹੁ-ਪੱਖੀ ਚੈਕਿੰਗ ਅਤੇ ਏਰੀਆ ਡੋਮੀਨੇਸ਼ਨ ਪ੍ਰੋਗਰਾਮ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਪੂਰੀ ਪੰਜਾਬ ਪੁਲਿਸ ਫੋਰਸ ਦੀ ਅਗਵਾਈ ਕਰਨ ਵਾਸਤੇ ਕੱਲ ਖੁਦ ਲੁਧਿਆਣਾ ਬੱਸ ਸਟੈਂਡ ਪਹੁੰਚੇ ਸਨ। ਪੰਜਾਬ ਪੁਲਿਸ ਹੈੱਡਕੁਆਰਟਰ ਦੇ ਏ.ਡੀ.ਜੀ.ਪੀ./ਆਈ.ਜੀ.ਪੀ. ਰੈਂਕ ਦੇ ਅਧਿਕਾਰੀ ਵੀ ਆਪਰੇਸ਼ਨ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰਨ ਲਈ ਆਪਣੇ ਨਿਰਧਾਰਤ ਪੁਲਿਸ ਜ਼ਿਲ੍ਹਿਆਂ ਵਿੱਚ ਮੌਜੂਦ ਰਹੇ ਸਨ। ਸੀਪੀਜ਼/ਐਸਐਸਪੀਜ਼ ਨੂੰ ਇਸ ਆਪਰੇਸ਼ਨ ਲਈ ਘੱਟੋ-ਘੱਟ 75 ਫੀਸਦੀ ਪੁਲਿਸ ਬਲ ਸ਼ਾਮਿਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਪੰਜਾਬ ਪੁਲਿਸ ਦੀ ਸਮਾਜ ਵਿਰੋਧੀ ਲੋਕਾਂ ਤੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ, ਪੜ੍ਹੋ ਕਿੰਨੀਆਂ ਹੋਈਆਂ ਐਫਆਈਆਰਜ਼ ਦਰਜ - ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ
ਪੰਜਾਬ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ 177 ਐਫਆਈਆਰਜ਼ ਦਰਜ ਕੀਤੀਆਂ ਹਨ। ਇਸ ਤੋਂ ਇਲਾਵਾ 2.5 ਕਿਲੋ ਹੈਰੋਇਨ, 3 ਕੁਇੰਟਲ ਭੁੱਕੀ ਬਰਾਮਦ ਕੀਤੀ ਹੈ।

ਇਹ ਹੋਈ ਨਸ਼ੇ ਦੀ ਬਰਾਮਦਗੀ :ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਵੱਲੋਂ 2.5 ਕਿਲੋਗ੍ਰਾਮ ਹੈਰੋਇਨ ਅਤੇ ਤਿੰਨ ਕੁਇੰਟਲ ਤੋਂ ਵੱਧ ਭੁੱਕੀ ਬਰਾਮਦ ਕਰਨ ਤੋਂ ਇਲਾਵਾ ਹੋਰ ਨਸ਼ੀਲੇ ਪਦਾਰਥ, ਫਾਰਮਾ ਡਰੱਗਜ਼ ਅਤੇ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 17500 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਸੂਬੇ ਭਰ ਦੇ 185 ਰੇਲਵੇ ਸਟੇਸ਼ਨਾਂ, 230 ਬੱਸ ਸਟੈਂਡਾਂ, 1198 ਹੋਟਲਾਂ/ਰਹਿਣ ਬਸੇਰਿਆਂ ਅਤੇ 715 ਬਜ਼ਾਰਾਂ/ਮਾਲਜ਼ ਦੀ ਚੈਕਿੰਗ ਕੀਤੀ। ਇਸ ਕਾਰਵਾਈ ਦੌਰਾਨ 3405 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ।
ਲਗਾਏ ਗਏ ਹਾਈਟੈਕ ਨਾਕੇ :ਸਪੈਸ਼ਲ ਡੀਜੀਪੀ ਨੇ ਅੱਗੇ ਦੱਸਿਆ ਕਿ ਆਮ ਲੋਕਾਂ ਲਈ ਘੱਟੋ-ਘੱਟ ਅਸੁਵਿਧਾ ਨੂੰ ਯਕੀਨੀ ਬਣਾਉਂਦਿਆਂ ਸ਼ੱਕੀ ਵਾਹਨਾਂ/ਵਿਅਕਤੀਆਂ ਦੀ ਵਿਆਪਕ ਚੈਕਿੰਗ ਲਈ ਸੂਬੇ ਵਿੱਚ 79 ਅੰਤਰ-ਰਾਜੀ ਅਤੇ 318 ਅੰਤਰ-ਜ਼ਿਲ੍ਹਾ ਹਾਈਟੈਕ ਨਾਕੇ ਵੀ ਲਗਾਏ ਗਏ। ਉਹਨਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਨੇ ਘੱਟੋ-ਘੱਟ 1596 ਵਾਹਨਾਂ ਦੇ ਚਲਾਨ ਕਰਨ ਦੇ ਨਾਲ ਨਾਲ 60 ਵਾਹਨ ਜ਼ਬਤ ਵੀ ਕੀਤੇ। ਇਸ ਦੇ ਨਾਲ ਹੀ ਪੁਲਿਸ ਟੀਮਾਂ ਨੇ 6233 ਗੁਰਦੁਆਰਿਆਂ, 2376 ਮੰਦਰਾਂ, 517 ਚਰਚਾਂ ਅਤੇ 425 ਮਸਜਿਦਾਂ ਦੀ ਸੁਰੱਖਿਆ ਦਾ ਵੀ ਜਾਇਜ਼ਾ ਲਿਆ ਤਾਂ ਜੋ ਇਹ ਵੀ ਯਕੀਨੀ ਬਣਾਇਆ ਜਾ ਸਕੇ ਕਿ ਸਾਰੀਆਂ ਥਾਵਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਅਤੇ ਇਹ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਆਪਰੇਸ਼ਨ ਚਲਾਉਣ ਦਾ ਉਦੇਸ਼ ਲੋਕਾਂ ਵਿੱਚ ਵਿਸ਼ਵਾਸ ਵਧਾਉਣ ਦੇ ਨਾਲ ਨਾਲ ਸਮਾਜ ਵਿਰੋਧੀ ਤੱਤਾਂ ‘ਤੇ ਨਕੇਲ ਕਸੱਣ ਲਈ ਪੁਲਿਸ ਦੀ ਮੌਜੂਦਗੀ ਨੂੰ ਵਧਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦੋ ਰੋਜ਼ਾ ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚ ਘੱਟੋ-ਘੱਟ 221 ਫਲੈਗ ਮਾਰਚ ਵੀ ਕੱਢੇ।