ਚੰਡੀਗੜ੍ਹ: ਪੰਜਾਬ 'ਚ ਕਣਕ ਅਤੇ ਝੋਨੇ ਦੀ ਖੇਤੀ ਨੂੰ ਛੱਡ, ਫ਼ਸਲੀ ਚੱਕਰ ਨੂੰ ਵਧਾਵਾ ਦੇਣ ਲਈ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਯੋਜਨਾ ਬੋਰਡ ਨਾਲ ਬੈਠਕ ਕਰ ਵਿਆਪਕ ਫ਼ਸਲੀ ਵਿਭਿੰਨਤਾ ਮਾਡਲ ਬਣਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਬੋਰਡ ਨੂੰ ਖੇਤੀ ਖੇਤਰ ਲਈ ਲੋੜੀਂਦੀ ਨਿਤੀਆਂ ਤਿਆਰ ਕਰਨ ਲਈ ਵੀ ਕਿਹਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ 'ਚ ਲਗਾਤਾਰ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਗੰਭੀਰਤਾ ਨਾਲ ਸੋਚਦਿਆਂ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਨੂੰ ਉਗਾਉਣ ਤੇ ਜ਼ੋਰ ਦਿੰਦਿਆਂ ਯੋਜਨਾ ਬੋਰਡ ਨੂੰ ਅਜਿਹੀ ਯੋਜਨਾ ਬਣਾਉਣ ਲਈ ਕਿਹਾ ਹੈ ਜਿਸ ਨਾਲ ਕਿਸਾਨਾਂ ਦਾ ਰੁਝਾਨ ਇਨ੍ਹਾਂ ਫ਼ਸਲਾਂ ਵੱਲ ਕੀਤਾ ਜਾ ਸਕੇ।
ਖੇਤੀਬਾੜੀ ਖੇਤਰ ਵਿੱਚ ਬਦਲਾਅ ਲਿਆਉਣ ਲਈ ਸੁਝਾਅ ਦੇਣ ਲਈ ਗਠਿਤ ਬੋਰਡ ਦੇ ਮੈਂਬਰਾਂ ਨਾਲ ਵਿਚਾਰ-ਚਰਚਾ ਅਤੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਯੋਜਨਾਬੰਦੀ ਵਿਭਾਗ ਨੂੰ ਸੂਬੇ ਵਿੱਚ ਵੱਖ-ਵੱਖ ਖੇਤੀ ਸਕੀਮਾਂ ਨਾਲ ਸਬੰਧਤ ਸਾਰੇ ਅੰਕੜਿਆਂ ਦੇ ਮਿਲਾਨ ਲਈ ਕੇਂਦਰਿਤ ਅੰਕੜਾ ਅਧਿਐਨ ਅਤੇ ਨਿਰੀਖਣ ਡਵੀਜ਼ਨ ਕਾਇਮ ਕਰਨ ਦੇ ਹੁਕਮ ਦਿੱਤੇ। ਉਨਾਂ ਕਿਹਾ ਕਿ ਇਸ ਨਾਲ ਠੋਸ ਨੀਤੀ ਨੂੰ ਯਕੀਨੀ ਬਣਾਉਣ ਅਤੇ ਫ਼ੈਸਲੇ ਕਰਨ ਵਿੱਚ ਸਹਾਈ ਹੋਵੇਗਾ। ਇਸੇ ਤਰਾਂ ਇਹ ਕਦਮ ਸਾਰੀਆਂ ਸਰਕਾਰੀ ਭਲਾਈ ਸਕੀਮਾਂ ਦੇ ਮੁਲਾਂਕਣ ਅਤੇ ਨਿਰੀਖਣ ਨੂੰ ਯਕੀਨੀ ਬਣਾਉਣ ਲਈ ਵੀ ਮਦਦਗਾਰ ਸਾਬਤ ਹੋਵੇਗਾ। ਮੀਟਿੰਗ 'ਚ ਕਿਸਾਨਾਂ ਦੇ ਹਲਾਤਾਂ ਨੂੰ ਸੁਧਾਰਨ ਲਈ ਵੀ ਵਿਚਾਰ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ- ਮਹਿਬੂਬਾ ਮੁਫ਼ਤੀ ਨੇ ਧਾਰਾ 35 ਏ 'ਤੇ ਮੰਗਿਆ ਅਬਦੁੱਲਾ ਦਾ ਸਾਥ
ਮੀਟਿੰਗ 'ਚ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਕ ਸਕੱਤਰ ਕਰਨ ਅਵਤਾਰ ਸਿੰਘ, ਵਿੱਤ ਪ੍ਰਮੁੱਖ ਸਕੱਤਰ ਅਨਿਰੁਦ ਤਿਵਾਰੀ, ਪ੍ਰਮੁੱਖ ਸਕੱਤਰ ਜਸਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਰਹੇ।