ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈਕੇ ਕੀਤੇ ਗਏ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ 11 ਲੱਖ ਦੇ ਕਰੀਬ ਬੇਰੁਜ਼ਗਾਰਾ ਨੂੰ ਰੁਜ਼ਗਾਰ ਦੇਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਭਖਣੀ ਸ਼ੁਰੂ ਹੋ ਗਈ ਸੀ। ਅਕਾਲੀ ਦਲ ਤੇ ਆਪ ਵੱਲੋਂ ਪੰਜਾਬ ਦੀ ਮੌਜੂਦਾ ਸਰਕਾਰ 'ਤੇ ਤੰਜ਼ ਕੱਸਦੇ ਹੋਏ ਮੁਖ ਮੰਤਰੀ ਦੇ ਦਾਅਵਿਆਂ ਨੂੰ ਝੂਠਾ ਕਰਾਰ ਕੀਤਾ ਗਿਆ ਸੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਵੱਲੋਂ ਸੂਬੇ ਵਿੱਚ ਰੋਜ਼ਗਾਰ ਪੈਦਾ ਕਰਨ ਦੇ ਕੀਤੇ ਦਾਅਵਿਆਂ ਨੂੰ ਸਬੂਤਾਂ ਸਮੇਤ ਜਾਰੀ ਕੀਤਾ ਹੈ। ਸੂਬਾ ਸਰਕਾਰ ਨੇ ਅਪ੍ਰੈਲ 2017 ਤੋਂ ਲੈਕੇ ਹੁਣ ਤੱਕ 12 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਡਾਟਾ ਜਨਤਕ ਕੀਤਾ ਹੈ। ਇਹ ਸੂਚੀ ਜਾਰੀ ਕਰਨ ਦੇ ਨਾਲ ਹੀ ਮੁੱਖ ਮੰਤਰੀ ਵੱਲੋਂ ਅਕਾਲੀਆਂ ਨੂੰ ਆਪਣੇ 10 ਸਾਲ ਦੇ ਸ਼ਾਸਨ ਦੌਰਾਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਡਾਟੇ ਨੂੰ ਪੇਸ਼ ਕਰਨ ਦੀ ਗੱਲ ਆਖੀ ਹੈ।
ਮੁੱਖ ਮੰਤਰੀ ਨੇ ਅਕਾਲੀਆਂ ਤੇ ਦੋਸ਼ ਲਾਉਂਦੇ ਹੋਏ ਕਿਹਾ, ਹੁਣ ਤੱਕ ਅਕਾਲੀ ਆਗੂ ਸੂਬੇ ਦੇ ਲੋਕਾਂ ਨੂੰ ਬੇਸ਼ਰਮੀ ਨਾਲ ਝੂਠ ਬੋਲ ਕੇ ਗੁੰਮਰਾਹ ਕਰਦੇ ਆਏ ਹਨ। ਮੁਖ ਮੰਤਰੀ ਵੱਲੋਂ ਅਕਾਲੀਆਂ ਤੋਂ ਆਪਣੇ ਝੂਠ ਬਦਲੇ ਮੁਆਫੀ ਮੰਗਣ ਦੀ ਗੱਲ ਕਹੀ ਹੈ।
ਮੁੱਖ ਮੰਤਰੀ ਨੇ ਅੰਕੜਿਆਂ ਨਾਲ ਅਸਲ ਵੇਰਵੇ ਜਾਰੀ ਕਰਦਿਆਂ ਕਿਹਾ ਕਿ ਅਸਲ ਵਿੱਚ 1 ਅਪ੍ਰੈਲ 2017 ਤੋਂ ਹੁਣ ਤੱਕ ਰੋਜ਼ਗਾਰ ਦੇ ਪੈਦਾ ਕੀਤੇ ਮੌਕਿਆਂ ਦਾ ਡਾਟਾ 11 ਲੱਖ ਤੋਂ ਵੀ ਵੱਧ ਹੈ ਜਿਸ ਬਾਰੇ ਉਨ੍ਹਾਂ ਦਿੱਲੀ ਵਿੱਚ ਕਾਂਗਰਸੀ ਉਮੀਦਵਾਰ ਲਈ ਪ੍ਰਚਾਰ ਕਰਦਿਆਂ ਖੁਲਾਸਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਤੌਰ ਉਤੇ ਉਨ੍ਹਾਂ ਕੋਲ ਉਪਲੱਬਧ ਜਾਣਕਾਰੀ ਅਨੁਸਾਰ 1 ਅਪ੍ਰੈਲ 2017 ਤੋਂ 31 ਦਸੰਬਰ 2019 ਤੱਕ 57,905 ਸਰਕਾਰੀ ਨੌਕਰੀਆਂ ਪੈਦਾ ਕੀਤੀਆਂ ਜਦੋਂ ਕਿ 3,96,775 ਪ੍ਰਾਈਵੇਟ ਤੌਰ ਉਤੇ ਪਲੇਸਮੈਂਟ ਕਰਵਾਈ ਗਈ ਅਤੇ 7,61,289 ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਸਵੈ ਰੋਜ਼ਗਾਰ ਤਹਿਤ ਮੱਦਦ ਮੁਹੱਈਆ ਕਰਵਾਈ ਗਈ।
ਇਹ ਵੀ ਪੜ੍ਹੋ: ਸੰਸਦ 'ਚ ਹੰਗਾਮੇ ਮਗਰੋਂ ਰਾਹੁਲ ਗਾਂਧੀ ਨੇ ਲਾਏ ਭਾਜਪਾ 'ਤੇ ਦੋਸ਼
ਮੁੱਖ ਮੰਤਰੀ ਨੇ ਕਿਹਾ, ''ਸੁਖਬੀਰ ਅਤੇ ਉਸ ਦੇ ਸਾਥੀਆਂ ਨੂੰ ਮੈਂ ਦੱਸ ਦੇਵਾਂ ਕਿ ਉੱਕਤ ਕੁੱਲ ਵੇਰਵਿਆਂ ਦਾ ਜੋੜ 12,15,969 ਬਣਦਾ ਹੈ ਜੋ ਕਿ ਦਿੱਲੀ ਪ੍ਰਚਾਰ ਦੌਰਾਨ ਮੇਰੇ ਵੱਲੋਂ ਕਹੇ 11 ਲੱਖ ਦੇ ਅੰਕੜੇ ਤੋਂ ਵੀ ਵੱਧ ਹੈ।'' ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਇਲਾਵਾ 20,21,568 ਘਰਾਂ ਨੂੰ ਮਗਨਰੇਗਾ ਸਕੀਮ ਤਹਿਤ ਰੋਜ਼ਗਾਰ ਦਿੱਤਾ ਗਿਆ ਜਿਸ ਤਹਿਤ 648.26 ਲੱਖ ਰੁਪਏ ਅਦਾ ਹੋਏ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਤਿੰਨ ਸਾਲ ਦੇ ਹੀ ਕਾਰਜਕਾਲ ਵਿੱਚ ਅਕਾਲੀਆਂ ਦੇ 10 ਸਾਲ ਵਿੱਚ ਕੀਤੇ ਕੰਮਾਂ ਤੋਂ ਵੱਧ ਕੰਮ ਕਰ ਦਿੱਤੇ ਹਨ।