ਚੰਡੀਗੜ੍ਹ ਡੈਸਕ :ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਸ ਸਬੰਧੀ ਪੀਐਮਓ ਵੱਲੋਂ ਟਵੀਟ ਵੀ ਕੀਤਾ ਗਿਆ ਹੈ। ਇਸ ਟਵੀਟ ਨਾਲ ਜਾਰੀ ਤਸਵੀਰ ਵਿੱਚ ਬਨਵਾਰੀ ਲਾਲ ਪੁਰੋਹਿਤ ਪੀਐਮ ਮੋਦੀ ਨੂੰ ਗੁਲਦਸਤਾ ਸੌਂਪਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮੌਕੇ ਰਾਜਪਾਲ ਪੁਰੋਹਿਤ ਨੇ ਪੀਐਮ ਮੋਦੀ ਨਾਲ ਪੰਜਾਬ ਦੇ ਕਈ ਮੁੱਦਿਆਂ 'ਤੇ ਚਰਚਾ ਵੀ ਕੀਤੀ ਹੈ ਤੇ ਪੰਜਾਬ ਵਿੱਚ ਵਧ ਰਹੇ ਨਸ਼ੇ ਉੱਤੇ ਚਿੰਤਾ ਪ੍ਰਗਟਾਈ। ਦੋਵਾਂ ਦੀ ਮੁਲਾਕਾਤ ਦਿੱਲੀ ਸਥਿਤ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਹੋਈ ਹੈ।
ਪਾਰਟੀ ਦੀ ਜਿੱਤ ਉੱਤੇ ਵਧਾਈ :ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੋਦੀ ਨਾਲ ਪੰਜਾਬ 'ਚ ਵੱਧ ਰਹੇ ਨਸ਼ੇ 'ਤੇ ਵੀ ਚਰਚਾ ਕੀਤੀ ਹੈ। ਇਸਦੇ ਨਾਲ ਨਾਲ ਪੁਰੋਹਿਤ ਨੇ ਪ੍ਰਧਾਨ ਮੰਤਰੀ ਨੂੰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਦੀ ਜਿੱਤ ਲਈ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੂਬੇ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਪਿਛਲੇ ਕਾਫੀ ਸਮੇਂ ਤੋਂ ਚਿੱਠੀਆ ਦੇ ਜਵਾਬ ਵਿੱਚ ਹੁੰਦੀ ਦੇਰੀ ਨੂੰ ਲੈ ਕੇ ਤਣਾਅ ਦਾ ਮਾਹੌਲ ਹੈ। ਇਹ ਮਾਮਲੇ ਅਦਾਲਤ ਤੱਕ ਪਹੁੰਚ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਪਟੀਸ਼ਨ ਦਾਇਰ ਕਰਕੇ ਸੁਪਰੀਮ ਕੋਰਟ ਰਾਜਪਾਲ ਨੂੰ ਵਿਧਾਨ ਸਭਾ ਵਿੱਚ ਪਾਸ ਕੀਤੇ ਬਿੱਲਾਂ ਨੂੰ ਮਨਜ਼ੂਰੀ ਦੇਣ ਦਾ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਹੈ।