ਚੰਡੀਗੜ੍ਹ ਡੈਸਕ: ਪੰਜਾਬ ਸਰਕਾਰ ਨੇ ਕੁੱਝ ਸਮਾਂ ਪਹਿਲਾਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੌਜੂਦ ਸਰਕਾਰੀ ਸਕੂਲਾਂ ਨੂੰ ਅੱਠਵੀਂ ਤੋਂ 12ਵੀਂ ਤੱਕ ਕਰਦਿਆਂ ਸਕੂਲ ਆਫ ਐਮੀਨੈਂਸ ਦਾ ਦਰਜਾ ਦਿੱਤਾ ਸੀ। ਸਰਕਾਰ ਵੱਲੋਂ ਉਦੋਂ ਸਕੂਲਾਂ ਨੂੰ ਹਰ ਪਾਸਿਓਂ ਅਪਡੇਟ ਕਰਨ ਦਾ ਦਾਅਵਾ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਸਕੂਲ ਆਫ ਐਮੀਨਸ ਵਿੱਚ ਬੱਚਿਆਂ ਦੇ ਰੁਝਾਨ ਮੁਤਾਬਿਕ ਉਨ੍ਹਾਂ ਦੀ ਪੜ੍ਹਾਈ ਕਰਵਾਈ ਜਾਵੇਗੀ। ਇਸ ਸਭ ਤੋਂ ਬਾਅਦ ਪੰਜਾਬ ਸਰਕਾਰ ਨੇ ਸਕੂਲ ਆਫ ਐਮੀਨਸ ਦੀ ਵਰਦੀ ਦਾ ਡਿਜ਼ਾਇਨ ਸਭ ਦੇ ਸਾਹਮਣੇ ਨਸ਼ਰ ਕਰ ਦਿੱਤਾ ਹੈ।
ਸਿੱਖਿਆ ਮੰਤਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਰਾਹੀਂ ਲਿਖਿਆ ਕਿ ਸਕੂਲ ਆਫ ਐਂਮੀਨਸ ਦੇ ਵਿਦਿਆਰਥੀਆਂ ਲਈ ਨਵੀਂ ਵਰਦੀ ਡਿਜ਼ਾਇਨ ਕੀਤੀ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਪ੍ਰਤੀ ਵਰਦੀ ਦੀ ਕੀਮਤ 4000 ਰੁਪਏ ਹੈ ਅਤੇ ਇਹ ਕੀਮਤ ਵਿਦਿਆਰਥੀ ਨਹੀਂ ਸਗੋਂ ਪੰਜਾਬ ਸਰਕਾਰ ਅਦਾ ਕਰੇਗੀ। ਭਾਵ ਕਿ ਸਕੂਲ ਆਫ ਐਂਮੀਨਸ ਦੇ ਵਿਦਿਆਰਥੀਆਂ ਨੂੰ ਇਹ ਵਰਦੀਆਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ।
ਸਕੂਲ ਆਫ ਐਮੀਨੈਂਸ (SOE) ਦੇ ਵਿਦਿਆਰਥੀਆਂ ਲਈ ਨਵੀਂ ਡਿਜ਼ਾਈਨ ਕੀਤੀ ਵਰਦੀ।.. 4000 ਰੁਪਏ ਇਸਦੇ ਲਈ SOE ਦੇ ਹਰੇਕ ਵਿਦਿਆਰਥੀ ਨੂੰ ਸਰਕਾਰ ਦੁਆਰਾ ਪ੍ਰਦਾਨ ਕੀਤਾ ਜਾਵੇਗਾ।...ਹਰਜੋਤ ਸਿੰਘ ਬੈਂਸ,ਸਿੱਖਿਆ ਮੰਤਰੀ
ਵਿਦਿਆਰਥਣਾਂ ਨਾਲ ਇੱਕ ਹੋਰ ਸਹੂਲਤ ਦਾ ਵਾਅਦਾ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀ ਕਿਹਾ ਕਿ ਸੂਬੇ ਦੀਆਂ ਵਿਦਿਆਰਥਣਾਂ ਨੂੰ ਸਕੂਲ ਆਉਣ-ਜਾਣ ਲਈ ਮੁਫਤ ਵਿੱਚ ਬੱਸ ਸੇਵਾ ਮੁਹੱਈਆ ਕਰਵਾਈ ਜਾਵੇਗੀ। ਸੀਐੱਮ ਮਾਨ ਨੇ ਕਿਹਾ ਕਿ ਇਸ ਸਕੀਮ ਦਾ ਮਕਸਦ ਵਿਦਿਆਰਥਣਾਂ ਨੂੰ ਪੜ੍ਹਾਈ ਵਿੱਚ ਕੋਈ ਮੁਸ਼ਕਿਲ ਨਾ ਆਉਣ ਦੇਣਾ ਹੈ। ਸੀਐੱਮ ਮਾਨ ਨੇ ਇਹ ਵੀ ਕਿਹਾ ਕਿ ਬੱਸ ਰਾਹੀਂ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਉਹ ਬੇਫਿਕਰ ਹੋਕੇ ਪੜ੍ਹਨ ਅਤੇ ਮਾਪਿਆ ਦੇ ਨਾਲ-ਨਾਲ ਪੰਜਾਬ ਦਾ ਵੀ ਨਾਂਅ ਰੋਸ਼ਨ ਕਰਨ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਸੁਧਾਰ ਲਿਆਉਣ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 23 ਜੁਲਾਈ ਨੂੰ ਸਕੂਲ ਪ੍ਰਿੰਸੀਪਲਾਂ ਦੇ ਦੋ ਗਰੁੱਪਾਂ ਨੂੰ ਸਿੰਗਾਪੁਰ ਭੇਜਿਆ ਜਾਵੇਗਾ ਤਾਂ ਜੋ ਉਹ ਉੱਥੋਂ ਦੀ ਸਿੱਖਿਆ ਪ੍ਰਣਾਲੀ ਨੂੰ ਦੇਖ ਕੇ ਨਵਾਂ ਅਨੁਭਵ ਲੈ ਸਕਣ।