ਚੰਡੀਗੜ੍ਹ:ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ 7 ਜੂਨ ਯਾਨੀ ਅੱਜ ਤੋਂ ਸਾਰੇ ਜ਼ਿਲ੍ਹਿਆਂ ਵਿੱਚ ਪਲੇਸਮੈਂਟ ਮੁਹਿੰਮ ਵਿੱਢੀ ਜਾਵੇਗੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਚਾਹਵਾਨ ਨੌਜਵਾਨਾਂ ਨੂੰ 8,000 ਰੁਪਏ ਤੋਂ ਲੈ ਕੇ 60,000 ਰੁਪਏ ਤੱਕ ਤਨਖ਼ਾਹ ਵਾਲੀਆਂ 10,000 ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਇੱਕੋ ਸਮੇਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਚਲਾਈ ਜਾਵੇਗੀ।
ਇਸ ਪਲੇਸਮੈਂਟ ਮੁਹਿੰਮ ਵਿੱਚ ਰੁਜ਼ਗਾਰ ਲਈ ਨੌਜਵਾਨਾਂ ਦੀ ਚੋਣ ਕਰਨ ਵਾਸਤੇ ਵਰਧਮਾਨ, ਸਪੋਰਟਕਿੰਗ, ਫਲਿੱਪਕਾਰਟ, ਏਅਰਟੈੱਲ ਅਤੇ ਰਿਲਾਇੰਸ ਸਮੇਤ 425 ਪ੍ਰਮੁੱਖ ਕੰਪਨੀਆਂ ਸ਼ਾਮਲ ਹੋਣਗੀਆਂ। ਇਸ ਪਲੇਸਮੈਂਟ ਮੁਹਿੰਮ ਵਿੱਚ ਪੋਸਟ ਗ੍ਰੈਜੂਏਟ, ਗ੍ਰੈਜੂਏਟ (ਤਕਨੀਕੀ/ਗ਼ੈਰ-ਤਕਨੀਕੀ), ਆਈ.ਟੀ.ਆਈ., ਡਿਪਲੋਮਾ ਹੋਲਡਰ, 12ਵੀਂ ਪਾਸ, ਮੈਟ੍ਰਿਕ ਪਾਸ ਨੌਜਵਾਨਾਂ ਸਮੇਤ ਉਨ੍ਹਾਂ ਨੌਜਵਾਨ ਨੂੰ ਵੀ ਨੌਕਰੀਆਂ ਪ੍ਰਾਪਤ ਕਰਨ ਦੇ ਮੌਕੇ ਦਿੱਤੇ ਜਾਣਗੇ, ਜਿਨ੍ਹਾਂ ਨੇ ਕੋਈ ਵਿਦਿਅਕ ਯੋਗਤਾ ਪ੍ਰਾਪਤ ਨਹੀਂ ਕੀਤੀ।