ਚੰਡੀਗੜ੍ਹ: ਪੰਜਾਬ ਸਰਕਾਰ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ 24ਵੀਂ ਬਰਸੀ ਸ਼ਹੀਦੀ ਸਮਾਰਕ ਸੈਕਟਰ-42 ਵਿੱਚ ‘ਸਰਬ ਧਰਮ ਸੰਮੇਲਨ’ ਕਰ ਕੇ ਮਨਾਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਯਾਦ ਕਰਦਿਆਂ ਟਵੀਟ ਕਰ ਕੇ ਸ਼ਰਧਾਜਲੀ ਦਿੱਤੀ।
ਪੰਜਾਬ ਸਰਕਾਰ ਦੇ ਅਧਿਕਾਰਕ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਪੰਜਾਬ ਦੇ 12ਵੇਂ ਮੁੱਖ ਮੰਤਰੀ ਬੇਅੰਤ ਸਿੰਘ ਜਿਨ੍ਹਾਂ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਲਈ ਬਲੀਦਾਨ ਦਿੱਤਾ। ਉਸ ਦੀ ਯਾਦ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਬੇਅੰਤ ਸਿੰਘ ਦੇ ਪੋਤੇ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮਰਹੂਮ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀਆਂ ਵਿਕਾਸ ਨੀਤੀਆਂ ਅਤੇ ਸਕੀਮਾਂ ਨੂੰ ਅੱਗੇ ਲੈ ਜਾਣ ਦਾ ਅਹਿਦ ਦੁਹਰਾਇਆ। ਜਦੋਂ ਕਿ ਉਨ੍ਹਾਂ ਦੇ ਦੂਜੇ ਪੋਤੇ ਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਦਾਦਾ ਜੀ ਨਾਲ ਬਿਤਾਈਆਂ ਯਾਦਾਂ ਚੇਤੇ ਕੀਤੀਆਂ ਅਤੇ ਉਨ੍ਹਾਂ ਵੱਲੋਂ ਦਿਖਾਈਆਂ ਨੈਤਿਕ ਕਦਰਾਂ ਕੀਮਤਾਂ ਨੂੰ ਜਨਤਕ ਜੀਵਨ ਵਿੱਚ ਅਪਨਾਉਣ ਦਾ ਅਹਿਦ ਵੀ ਲਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਲਈ ਬੇਅੰਤ ਸਿੰਘ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਵੱਲੋਂ ਇਕ ਨਿਡਰ ਮੁੱਖ ਮੰਤਰੀ ਵੱਜੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਉਹ ਹਮੇਸ਼ਾ ਸਖ਼ਤ ਤੇ ਸਮਰਪਿਤ ਲੀਡਰ ਵਜੋਂ ਜਾਣੇ ਜਾਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਨੇ ਚਾਰ ਦਹਾਕੇ ਤੱਕ ਲੋਕਾਂ ਦੇ ਹਿੱਤਾਂ ਦੀ ਪਹਿਰੇਦਾਰੀ ਕੀਤੀ ਅਤੇ ਅਜਿਹੀ ਮਿਸਾਲ ਘੱਟ ਹੀ ਦੇਖਣ ਨੂੰ ਮਿਲਦੀ ਹੈ। ਸਾਨੂੰ ਅੱਜ ਉਨ੍ਹਾਂ ਵੱਲੋਂ ਦਿਖਾਏ ਰਾਹ ਉਤੇ ਚੱਲਣ ਦੀ ਲੋੜ ਹੈ।
ਇਸ ਮੌਕੇ ਬੇਅੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਗੁਰਇਕਬਾਲ ਸਿੰਘ ਅਤੇ ਬਿਕਰਮ ਸਿੰਘ ਮੋਫ਼ਰ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਮੀਤ ਸਿੰਘ ਸੋਢੀ, ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ ਅਤੇ ਭਾਰਤ ਭੂਸ਼ਨ ਆਸ਼ੂ ਹਾਜ਼ਰ ਸਨ।
ਇਹ ਵੀ ਪੜੋ: ਮਹਾਰਾਸ਼ਟਰ: ਕੈਮੀਕਲ ਫੈਕਟਰੀ ਵਿੱਚ ਲੱਗੀ ਅੱਗ, 12 ਮੌਤਾਂ
ਪ੍ਰਾਰਥਨਾ ਸਭਾ ਵਿੱਚ ਪੁੱਜੇ ਹੋਰ ਆਗੂਆਂ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਮਲਕੀਤ ਸਿੰਘ ਦਾਖਾ, ਅੰਗਦ ਸੈਣੀ, ਸੁਰਿੰਦਰ ਕੁਮਾਰ ਡਾਬਰ, ਗੁਰਪ੍ਰੀਤ ਸਿੰਘ ਜੀਪੀ, ਸੰਤੋਖ ਸਿੰਘ ਭਲਾਈਪੁਰ, ਅਮਰੀਕ ਸਿੰਘ ਢਿੱਲੋਂ ਅਤੇ ਲਖਵੀਰ ਸਿੰਘ (ਸਾਰੇ ਵਿਧਾਇਕ) ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਕੋਟਲੀ ਸ਼ਾਮਲ ਸਨ।