ਪੰਜਾਬ

punjab

ETV Bharat / state

Punjab Tourism Summit: ਪੰਜਾਬ ਦਾ ਪਹਿਲਾ ਟੂਰਿਜ਼ਮ ਸਮਿਟ ਬਣਾਵੇਗਾ ਪੰਜਾਬ ਨੂੰ ਰੰਗਲਾ ਜਾਂ ਫਿਰ ਅਜੇ ਵੀ ਲੱਗੇਗਾ ਸਮਾਂ ,ਦੇਖੋ ਖਾਸ ਰਿਪੋਰਟ - ਸੂਬੇ ਦੀ ਅਰਥ ਵਿਵਸਥਾ

ਪੰਜਾਬ ਸਰਕਾਰ ਵਲੋਂ ਸੂਬੇ 'ਚ ਟੂਰਿਜ਼ਮ ਸਮਿਟ ਕਰਵਾਇਆ ਗਿਆ, ਜਿਸ 'ਚ ਸਰਕਾਰ ਦਾ ਕਹਿਣਾ ਕਿ ਕਈ ਨਿਵੇਸ਼ਕਾਂ ਵਲੋਂ ਸੂਬੇ 'ਚ ਨਿਵੇਸ਼ ਕਰਨ 'ਚ ਦਿਲਚਸਪੀ ਦਿਖਾਈ ਗਈ ਹੈ। ਜੋ ਸੂਬੇ ਦੀ ਅਰਥ ਵਿਵਸਥਾ ਨੂੰ ਹੋਰ ਸੁਧਾਰ ਸਕਦੀ ਹੈ। (Punjab Tourism Summit)

Punjab Tourism Summit
Punjab Tourism Summit

By ETV Bharat Punjabi Team

Published : Sep 15, 2023, 11:25 AM IST

ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਸੈਰ ਸਪਾਟਾ ਸੰਮੇਲਨ ਸਮਾਪਤ ਹੋ ਗਿਆ ਅਤੇ ਆਪਣੇ ਪਿੱਛੇ ਕਈ ਚਰਚਾਵਾਂ ਛੱਡ ਗਿਆ ਹੈ। ਇਸ ਸੈਰ ਸਪਾਟਾ ਸੰਮੇਲਨ ਤੋਂ ਬਾਅਦ ਪੰਜਾਬ 'ਚ ਸੈਰ ਸਪਾਟਾ ਅਤੇ ਉਦਯੋਗਿਕ ਨਿਵੇਸ਼ ਨੂੰ ਹੁਲਾਰਾ ਮਿਲੇਗਾ। ਇਸ ਸਮਿਟ ਦੀ ਸ਼ੁਰੂਆਤ ਹੁੰਮ ਹੁੰਮਾ ਕੇ ਕੀਤੀ ਗਈ, ਹੁਣ ਚਰਚਾ ਇਹ ਹੈ ਕਿ ਪੰਜਾਬ ਦੇ ਸੈਰ ਸਪਾਟਾ ਵਿਭਾਗ ਅਤੇ ਉਦਯੋਗ ਨੂੰ ਕਿੰਨਾ ਹੁੰਗਾਰਾ ਮਿਲਿਆ ਹੈ ? ਟੂਰਿਜ਼ਮ ਸਮਿਟ ਵਿਚ ਸੈਲਫ ਹੈਲਪ ਗੁਰੱਪ, ਪੰਜਾਬੀ ਸੱਭਿਆਚਾਰ ਦੀਆਂ ਝਾਕੀਆਂ ਅਤੇ ਸਟਾਲਾਂ ਤੋਂ ਬਿਨ੍ਹਾਂ ਹੋਰ ਕੁਝ ਖਾਸ ਨਜ਼ਰ ਨਹੀਂ ਆਇਆ। ਵੰਡਰਾਲਾ ਗਰੁੱਪ ਵੱਲੋਂ ਪੰਜਾਬ ਵਿਚ ਵਿਖਾਈ ਗਈ ਨਿਵੇਸ਼ ਦੀ ਦਿਲਚਸਪੀ ਵੀ ਮੱਠੀ ਪੈਂਦੀ ਨਜ਼ਰ ਆਈ। ਹਾਲਾਂਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਵੇਸ਼ਕਾਂ ਨੇ ਈਕੋ, ਵਾਟਰ ਅਤੇ ਵੈਲਨੈਸ ਟੂਰਿਜ਼ਮ ਵਿਚ ਨਿਵੇਸ਼ ਕਰਨ ਦੀ ਦਿਲਚਸਪੀ ਵਿਖਾਈ ਹੈ। ਪੰਜਾਬ ਦਾ ਪਹਿਲਾ ਟੂਰਿਜ਼ਮ ਜਿੰਨਾ ਪ੍ਰਚਾਰਿਆ ਗਿਆ, ਉਸ ਤਰ੍ਹਾਂ ਪੰਜਾਬ ਦਾ ਸੈਰ ਸਪਾਟਾ ਕਿੰਨਾ ਕੁ ਪ੍ਰਫੁਲਿਤ ਹੋਣ ਦੀ ਆਸ ਹੈ।

ਹੁਣ ਰੰਗਲਾ ਬਣੇਗਾ ਪੰਜਾਬ ?:ਸੈਰ ਸਪਾਟਾ ਅਜਿਹਾ ਵਿਭਾਗ ਹੈ ਜੋ ਕਿਸੇ ਵੀ ਦੇਸ਼ ਅਤੇ ਸੂਬੇ ਲਈ ਅੱਜ ਦੇ ਸਮੇਂ ਵਿਚ ਅਹਿਮ ਮਹੱਤਤਾ ਰੱਖਦਾ ਹੈ। ਇਸ ਦੇ ਨਾਲ ਜਿਥੇ ਲੋਕਾਂ ਨੂੰ ਸਾਧਨ ਮਿਲਦੇ ਹਨ, ਉਥੇ ਹੀ ਸਰਕਾਰਾਂ ਨੂੰ ਮਾਲੀਆ ਵੀ ਇਕੱਠਾ ਹੁੰਦਾ ਹੈ। ਸਭ ਤੋਂ ਜ਼ਰੂਰੀ ਪੱਖ ਇਹ ਵੀ ਹੁੰਦਾ ਹੈ ਟੂਰਿਜ਼ਮ ਕਿਸ ਤਰੀਕੇ ਦਾ ਪ੍ਰਮੋਟ ਹੋਣਾ ਚਾਹੀਦਾ ਹੈ। ਪੰਜਾਬ ਵਿਚ ਸੈਰ ਸਪਾਟਾ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਜ਼ਿਆਦਾਤਰ ਖੇਤਰ ਮੈਦਾਨੀ ਹੈ, ਸਮੁੰਦਰੀ ਖੇਤਰ ਪੰਜਾਬ ਵਿਚ ਨਹੀਂ ਹੈ ਅਤੇ ਸੈਰ ਸਪਾਟੇ ਵਜੋਂ ਪੰਜਾਬ ਵਿਚ ਧਾਰਮਿਕ ਅਤੇ ਇਤਿਹਾਸਕ ਥਾਵਾਂ ਹਨ। ਜਿਹਨਾਂ ਨੂੰ ਪ੍ਰਫੁੱਲਿਤ ਕਰਨ ਦੀ ਜ਼ਰੂਰਤ ਹੈ, ਜ਼ਿਆਦਾਤਰ ਟੂਰਿਜ਼ਮ ਧਾਰਮਿਕ ਹੀ ਹੈ। ਪੰਜਾਬ ਵਿਚ ਆਉਣ ਵਾਲੇ ਜ਼ਿਆਦਾਤਰ ਟੂਰਿਸਟ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਹਨ, ਜਿਸ ਵਿਚ ਸ੍ਰੀ ਦਰਬਾਰ ਸਾਹਿਬ ਸਭ ਤੋਂ ਅਹਿਮ ਹੈ। ਸਿੰਘਾਪੁਰ ਅਤੇ ਦੁਬਈ ਵਰਗੇ ਕਈ ਦੇਸ਼ ਹਨ, ਜਿਹਨਾਂ ਦੀ ਤਾਂ ਆਰਥਿਕ ਸਥਿਤੀ ਹੀ ਸੈਰ ਸਪਾਟਾ 'ਤੇ ਨਿਰਭਰ ਕਰਦੀ ਹੈ ।ਬਹੁਤ ਸਾਰੇ ਲੋਕ ਉਥੇ ਜਾਂਦੇ ਹਨ ਤੇ ਉਹਨਾਂ ਦੀ ਅਰਥ ਵਿਵਸਥਾ ਦਾ ਮੁੱਖ ਧੁਰਾ ਹੀ ਟੂਰਜ਼ਿਮ ਹੈ। ਪੰਜਾਬ ਵਿਚ ਇਸ ਪਾਸੇ ਵੱਲ ਵੱਧਣਾ ਚਾਹੀਦਾ ਹੈ, ਜਿਥੇ ਵੱਧ ਤੋਂ ਵੱਧ ਲੋਕ ਆਉਣ ਅਤੇ ਉਹਨਾਂ ਨੂੰ ਵਧੀਆ ਮਾਹੌਲ ਮਿਲੇ।

ਸੈਰ ਸਪਾਟਾ ਸੰਮੇਲਨ ਦੀਆਂ ਪ੍ਰਾਪਤੀਆਂ:ਜਿੰਨ੍ਹਾਂ ਕੰਪਨੀਆਂ ਦੇ ਨਿਵੇਸ਼ ਦੀ ਗੱਲ ਕੀਤੀ ਜਾ ਰਹੀ ਸੀ, ਉਸ ਬਾਰੇ ਸੈਰ ਸਪਾਟਾ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ, ਪੰਜਾਬ ਨਿਵੇਸ਼ਕਾਂ ਵੱਲੋਂ ਵਾਟਰ ਟੂਰਿਜ਼ਮ, ਈਕੋ ਟੂਰਿਜ਼ਮ ਅਤੇ ਵੈਲਨੈੱਸ ਵਿਚ ਨਿਵੇਸ਼ ਕਰਨ ਦੀ ਦਿਲਚਸਪੀ ਵਿਖਾਈ ਗਈ ਹੈ। ਜੋ ਕਿ ਆਉਂਦੇ ਦਿਨਾਂ ਵਿਚ ਸਰਕਾਰ ਨੂੰ ਪ੍ਰਪੋਜ਼ਲ ਭੇਜ ਸਕਦੇ ਹਨ। ਇਸ ਉਪਰਾਲੇ ਤਹਿਤ ਚਰਖੇ ਨਾਲ ਸੂਤ ਕੱਤਣ, ਨਾਲੇ ਤੇ ਪੀੜ੍ਹੀਆਂ ਬੁਣਨ, ਮਧਾਣੀਆਂ ਰਿੜਕਣ, ਪੱਖੀਆਂ ਝੱਲਣ, ਚੱਕੀਆਂ ਨਾਲ ਹੱਥੀਂ ਆਟਾ ਪੀਹਣ ਨੂੰ ਅਮਲੀ ਰੂਪ ਵਿਚ ਪ੍ਰਦਰਸ਼ਿਤ ਕੀਤਾ ਗਿਆ ਤੇ ਲੋਕਾਂ ਨੇ ਖੁਦ ਇਹਨਾਂ ਗਤੀਵਿਧੀਆਂ ਨੂੰ ਆਪਣੇ ਹੱਥੀਂ ਕਰ ਕੇ ਅਮੀਰ ਪੰਜਾਬੀ ਵਿਰਸੇ ਨੂੰ ਮਾਣਿਆ। ਇਸੇ ਮਾਰਟ ਵਿਚ ਮਲਵਈ ਗਿੱਧੇ ਦੀ ਟੀਮ ਲਗਾਤਾਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਦੀ ਰਹੀ ਤੇ ਮਾਰਟ ਵੇਖਣ ਪੁੱਜੇ ਨੌਜਵਾਨ ਮੁੰਡੇ ਕੁੜੀਆਂ ਮਲਵਈ ਗਿੱਧੇ ਦੀਆਂ ਬੋਲੀਆਂ ਤੇ ਸਾਜ਼ਾਂ ਨੂੰ ਮਾਣਦੇ ਤੇ ਨੱਚਦੇ ਵੇਖੇ ਗਏ। ਇਥੇ ਹੀ ਮੱਕੀ ਦੀ ਰੋਟੀ, ਸਾਗ, ਮੱਖਣ ਤੇ ਲੱਸੀ ਦਾ ਵੀ ਲੋਕਾਂ ਨੇ ਰੱਜ ਕੇ ਅਨੰਦ ਮਾਣਿਆ। ਇਸ ਮੌਕੇ ਵੇਰਕਾ, ਮਾਰਕਫੈੱਡ ਤੇ ਪੰਜਾਬ ਐਗਰੋ ਵਰਗੇ ਸਰਕਾਰੀ ਅਦਾਰੇ ਵੀ ਆਪਣੀਆਂ ਖੁਰਾਕੀ ਵਸਤਾਂ ਲੈਕੇ ਪੁੱਜੇ, ਜਿਨ੍ਹਾਂ ਦੀ ਲੋਕਾਂ ਨੇ ਰੱਜ ਕੇ ਖਰੀਦਾਰੀ ਕੀਤੀ।

ਟਰੈਵਲ ਮਾਰਟ ਵਿੱਚ ਪੰਜਾਬ ਲਘੂ ਉਦਯੋਗ ਨਿਰਯਾਤ ਨਿਗਮ (ਸਮਾਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ) ਅਤੇ ਵੱਖੋ ਵੱਖ ਸੈੱਲਫ਼ ਹੈਲਪ ਗਰੁੱਪਾਂ ਵੱਲੋਂ ਫੁਲਕਾਰੀਆਂ, ਦੁਪੱਟੇ ਤੇ ਹੋਰ ਕੱਪੜਿਆਂ ਤੇ ਪੰਜਾਬੀ ਜੁੱਤੀਆਂ ਦੇ ਸਟਾਲਾਂ ਸਮੇਤ ਵਿਆਹ-ਸ਼ਾਦੀਆਂ 'ਤੇ ਉਚੇਚੇ ਤੌਰ ਉੱਤੇ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੇ ਲੱਗੇ ਸਟਾਲ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਟੂਰਿਜ਼ਮ ਸਨਅਤ ਵਿਚਲੇ ਵਪਾਰਕ ਅਦਾਰਿਆਂ, ਸੰਸਥਾਵਾਂ ਤੇ ਹੋਟਲਾਂ ਵਲੋਂ ਵੀ ਆਪਣੇ ਸਟਾਲ ਸਥਾਪਤ ਕੀਤੇ ਗਏ। ਜਿਨ੍ਹਾਂ ਵਲੋਂ ਪੰਜਾਬ ਵਿੱਚ ਸੈਰ ਸਪਾਟੇ ਦੀਆਂ ਥਾਵਾਂ ਤੇ ਰਿਹਾਇਸ਼ ਬਾਬਤ ਆਪਣੇ ਪੈਕੇਜਿਜ਼ ਬਾਰੇ ਜਾਣਕਾਰੀ ਦਿੱਤੀ ਗਈ ਤੇ ਮਾਰਟ ਵਿਚ ਪੁੱਜੇ ਲੋਕਾਂ ਨੇ ਮੌਕੇ ਉੱਤੇ ਹੀ ਉਹ ਪੈਕੇਜਿਜ਼ ਦੀ ਖਰੀਦਦਾਰੀ ਵੀ ਕੀਤੀ। ਟੂਰਿਜ਼ਮ ਸਨਅਤ ਵਿਚਲੇ ਵਪਾਰਕ ਅਦਾਰਿਆਂ ਤੇ ਹੋਟਲਾਂ ਵਲੋਂ ਵੀ ਸਥਾਪਤ ਕੀਤੇ ਸਟਾਲਾਂ ਵਿਚ ਸਾਡਾ ਪਿੰਡ, ਕੰਫਰਟ ਹੋਟਲ ਸ੍ਰੀ ਅੰਮ੍ਰਿਤਸਰ, ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ, ਦਿ ਕਿੱਕਰ ਲੌਜ, ਰੇਅਰ ਇੰਡੀਆ, ਦੁਨੀਆ ਘੂਮੋ, ਦਿ ਵਿੰਡ ਫਲਾਰ ਰਿਜ਼ੌਰਟ, ਦਿ ਪਾਰਕ ਹੋਟਲਜ਼ ਸਮੇਤ ਵੱਖੋ ਵੱਖ ਅਦਾਰਿਆਂ ਦੇ ਸਟਾਲਾਂ ਵਿਚ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ।

ਬਦੀਸ਼ ਜਿੰਦਲ, ਪ੍ਰਧਾਨ ਉਦਯੋਗ ਅਤੇ ਟਰੇਡ ਯੂਨੀਆਨ ਪੰਜਾਬ

ਸੈਲਫ਼ ਹੈਲਪ ਗਰੁੱਪਾਂ ਨੂੰ ਆਰਡਰ ਮਿਲੇ: ਟਰੈਵਲ ਮਾਰਟ ਵਿਚ ਪੰਜਾਬੀ ਸੂਟਾਂ ਅਤੇ ਜੁੱਤੀਆਂ ਦੀ ਸਟਾਲ ਲਗਾਉਣ ਵਾਲੇ ਪਟਿਆਲਾ ਦੇ ਹਿਊਸ ਆਫ਼ ਇਨਾਹੀ ਸੈਲਫ਼ ਹੈਲਪ ਗਰੁੱਪ ਦੇ ਨੂਪਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਇਸ ਸਮਿਟ ਨਾਲ ਪੰਜਾਬ ਦੇ ਸੈਰ ਸਪਾਟੇ ਨੂੰ ਲਾਭ ਮਿਲੇਗਾ। ਉਸਦੇ ਨਾਲ ਹੀ ਸੈਲਫ਼ ਹੈਲਪ ਗਰੁੱਪਾਂ ਨੂੰ ਵੀ ਵੱਡਾ ਲਾਭ ਮਿਲੇਗਾ, ਕਿਉਂਕਿ ਸਮਿਟ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਆਏ ਲੋਕਾਂ ਨੇ ਸਾਡੇ ਉਤਪਾਦਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ। ਇਸੇ ਤਰ੍ਹਾਂ ਏਕਤਾ ਸੈਲਫ ਹੈਲਪ ਗਰੁੱਪ ਦੇ ਜਗਦੇਵ ਸਿੰਘ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਸਤੋਜ ਪਿੰਡ ਵਿੱਚ ਵੱਖੋ-ਵੱਖ ਤਰ੍ਹਾਂ ਦੇ ਤੇਲ ਕੱਢ ਕੇ ਵੇਚਣ ਦਾ ਕੰਮ ਕਰਦੇ ਹਨ, ਨੇ ਕਿਹਾ ਕਿ ਇਸ ਪ੍ਰੋਗਰਾਮ ਸਦਕੇ ਉਸ ਨੂੰ ਦੇਸ਼ ਦੇ ਦੂਜੇ ਰਾਜਾਂ ਤੋਂ ਬਹੁਤ ਸਾਰੇ ਆਰਡਰ ਪ੍ਰਾਪਤ ਹੋਏ ਹਨ। ਜਿਸ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਨੇ ਆਪਣਾ ਕੰਮ ਆਨਲਾਈਨ ਪਲੇਟਫਾਰਮ 'ਤੇ ਵੀ ਲਿਆਉਣ ਦਾ ਫੈਸਲਾ ਕੀਤਾ ਹੈ।

ਮਹਿਲਾ ਮੋਰਚਾ ਸੈਲਫ ਹੈਲਪ ਗਰੁੱਪ ਮੁਹਾਲੀ ਦੀ ਵੰਦਨਾ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਨੇ ਸਾਗ, ਕੀ ਦੀ ਰੋਟੀ, ਖੀਰ, ਮਾਲ ਪੂੜੇ, ਕੜੀ ਚਾਵਲ, ਗੁੜ ਸ਼ੱਕਰ ਅਤੇ ਸੇਵੀਆਂ ਦਾ ਸਟਾਲ ਲਗਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਉਮੀਦ ਨਾਲੋਂ ਵੱਧ ਲੋਕਾਂ ਤੋਂ ਪਿਆਰ ਮਿਲਿਆ ਹੈ। ਦੂਸਰੇ ਸੂਬਿਆਂ ਤੋਂ ਆਏ ਲੋਕਾਂ ਨੇ ਸਾਗ ਅਤੇ ਮੱਕੀ ਦੀ ਰੋਟੀ ਨੂੰ ਬਹੁਤ ਸੁਆਦ ਨਾਲ ਖਾਂਦਾ। ਇਸੇ ਤਰ੍ਹਾਂ ਆਪਣੇ ਜੀਵਨ ਦਾ ਪਹਿਲਾ ਸਟਾਲ ਲਗਾਉਣ ਵਾਲੀ ਸੰਗਰੂਰ ਜ਼ਿਲ੍ਹੇ ਦੇ ਗੱਗੜਪੁਰ ਦੀ ਰਹਿਣ ਵਾਲੀ ਬਾਬਾ ਦੀਪ ਸਿੰਘ ਸੈਲਫ ਹੈਲਪ ਗਰੁੱਪ ਦੀ ਜਸਬੀਰ ਕੌਰ, ਜਿਸਨੇ ਮਠਿਆਈਆਂ ਅਤੇ ਬਿਸਕੁਟਾਂ ਦਾ ਵਪਾਰ ਸ਼ੁਰੂ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਜਿੰਨਾ ਸਮਾਨ ਲਿਆਏ ਸੀ, ਉਹ ਅੱਜ ਸਵੇਰੇ ਹੀ ਵਿਕ ਗਿਆ ਅਤੇ ਜੋ ਉਹ ਸਮਾਨ ਲੋਕਾਂ ਨੂੰ ਸਵਾਦ ਦਿਖਾਉਣ ਲਈ ਅਲੱਗ ਤੋਂ ਲਿਆਏ ਸਨ, ਉਸ ਸਦਕੇ ਹੀ ਉਨ੍ਹਾਂ ਨੂੰ ਬਹੁਤ ਆਰਡਰ ਮਿਲ ਗਏ ਹਨ। ਜਿਨ੍ਹਾਂ ਨੂੰ ਉਹ ਅਗਲੇ ਦਿਨਾਂ ਵਿੱਚ ਡਾਕ ਰਾਹੀਂ ਭੇਜਣਗੇ।

ਪੰਜਾਬ ਵਿਚ ਸੈਰ ਸਪਾਟੇ ਦੇ ਮੌਜੂਦਾ ਹਲਾਤ:ਪੰਜਾਬ ਵਿਚ ਸੈਰ ਸਪਾਟੇ ਲਈ ਪਹਿਲਾਂ ਹੀ ਟੂਰਿਜ਼ਮ ਕਾਰਪੋਰੇਸ਼ਨ ਬਣੀ ਹੋਈ ਹੈ ਅਤੇ ਪੰਜਾਬ ਵਿਚ ਸੈਰ ਸਪਾਟਾ ਸਥਾਨ ਵੀ ਬਣਾਏ ਗਏ। ਜਿਸ ਨਾਲ ਪੰਜਾਬ ਦੇ ਟੂਰਿਜ਼ਮ ਨੂੰ ਹੁੰਗਾਰਾ ਵੀ ਮਿਲਿਆ ਸੀ। ਟੂਰਿਜ਼ਮ ਪੰਜਾਬ ਵਿਚ ਬਹੁਤ ਹਨ ਅਤੇ ਜੋ ਸੰਮੇਲਨ ਸਰਕਾਰ ਵੱਲੋਂ ਕਰਵਾਇਆ ਗਿਆ ਉਸ ਨਾਲ ਸੈਰ ਸਪਾਟਾ ਪ੍ਰਫੁੱਲਿਤ ਵੀ ਹੋ ਸਕਦਾ ਹੈ ਅਤੇ ਉਦਯੋਗ ਵੀ ਵੱਧ ਸਕਦਾ ਹੈ ਇਸ ਵਿਚ ਕੋਈ ਵੱਡੀ ਗੱਲ ਨਹੀਂ। ਪਰ ਪੰਜਾਬ ਦੇ ਵਿਚ ਪਹਿਲਾਂ ਵਾਲੀ ਇੰਡਸਟਰੀ ਜੋ ਬਟਾਲਾ, ਮੋਗਾ, ਰਾਜਪੁਰਾ ਅਤੇ ਗੋਬਿੰਦਗੜ੍ਹ ਵਿਚ ਸੀ ਉਸਦਾ ਹਾਲ ਬਹੁਤ ਮਾੜਾ ਹੈ। ਲੁਧਿਆਣਾ ਵਿਚ ਥੋੜਾ ਬਹੁਤ ਉਦਯੋਗ ਠੀਕ ਤਰੀਕੇ ਨਾਲ ਚੱਲ ਰਿਹਾ ਹੈ। ਜੇਕਰ ਸਰਕਾਰ ਉਦਯੋਗਿਕ ਵਿਕਾਸ ਦੀ ਗੱਲ ਕਰ ਰਹੀ ਤਾਂ ਅਜਿਹੇ ਹਲਾਤਾਂ ਵਿਚ ਕੀ ਕਰਨਾ ਹੈ। ਪੰਜਾਬ ਵਿਚ ਸੈਰ ਸਪਾਟਾ ਸੰਮੇਲਨ ਦਾ ਫਾਇਦਾ ਤਾਂ ਹੋਵੇਗਾ ਪਰ ਸਰਕਾਰ ਕਿਸ ਤਰ੍ਹਾਂ ਨਿਵੇਸ਼ ਕਰੇਗੀ।

ਸੰਮੇਲਨ ਨਹੀਂ ਮਾਹੌਲ ਸਿਰਜਣ ਦੀ ਲੋੜ: ਇਕੱਲਾ ਸਮਿਟ ਕਰਵਾਉਣਾ ਮਸਲੇ ਦਾ ਹੱਲ ਨਹੀਂ ਬਹੁਤ ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਵੀ ਅਜਿਹਾ ਸਮਿਟ ਕਰਵਾਇਆ ਸੀ ਅਤੇ ਪੰਜਾਬ ਨੂੰ ਟੂਰਿਜ਼ਮ ਹੱਬ ਬਣਾ ਕੇ ਪਾਣੀ ਵਿਚ ਬੱਸਾਂ ਚੱਲਣ ਦਾ ਇਰਾਦਾ ਜ਼ਾਹਿਰ ਕੀਤਾ ਸੀ। ਉਹ ਪਾਣੀ ਵਾਲੀਆਂ ਬੱਸਾਂ ਹਵਾ ਹਵਾਈ ਹੋ ਕੇ ਰਹਿ ਗਈਆਂ ਕਿਉਂਕਿ ਇਹ ਸਭ ਕੁਝ ਕਰਨ ਵਾਸਤੇ ਸੂਬੇ ਦੇ ਆਰਥਿਕ ਹਲਾਤ ਢੁੱਕਵੇਂ ਹੋਣੇ ਚਾਹੀਦੇ ਹਨ। ਪੰਜਾਬ ਸਰਕਾਰ ਕਰਜ਼ੇ ਚੁੱਕ ਚੁੱਕ ਕੇ ਸਬਸਿਡੀਆਂ ਵੰਡ ਰਹੀ ਹੈ। ਕੋਈ ਵੀ ਜਦੋਂ ਸੈਰ ਸਪਾਟੇ ਲਈ ਪੰਜਾਬ ਵਿਚ ਆਉਂਦਾ ਹੈ ਤਾਂ ਉਸਨੂੰ ਸਾਰੀਆਂ ਸਹੂਲਤਾਂ ਚਾਹੀਦੀਆਂ ਹਨ। ਪੰਜਾਬ ਦੇ ਵਿਚ ਸ੍ਰੀ ਦਰਬਾਰ ਸਾਹਿਬ, ਵਾਹਘਾ ਬਾਰਡਰ ਅਤੇ ਕਈ ਹੋਰ ਚੀਜ਼ਾਂ ਹਨ ਜੋ ਸੈਲਾਨੀ ਵੇਖਣ ਆਉਂਦੇ ਹਨ। ਪੰਜਾਬ ਦੇ ਕਰੀਬ 50 ਲੱਖ ਲੋਕ ਵਿਦੇਸ਼ਾਂ ਵਿਚ ਰਹਿੰਦੇ ਹਨ ਜੋ ਹਰ ਸਾਲ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਪੰਜਾਬ ਆਉਂਦੇ ਹਨ। ਜਿਹਨਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਲਾਜ਼ਮੀ ਹੈ।

ਸਾਬਕਾ ਮੰਤਰੀ ਸੋਹਨ ਸਿੰਘ ਠੰਡਲ

ਮਾਹਿਰ ਕੀ ਕਹਿੰਦੇ ਹਨ ?:ਉਦਯੋਗ ਅਤੇ ਟਰੇਡਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਦੀਸ਼ ਜਿੰਦਲ ਦਾ ਕਹਿਣਾ ਹੈ ਕਿ ਪੰਜਾਬ ਵਿਚ ਉਦਯੋਗਿਕ ਨਿਵੇਸ਼ ਅਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਤੋਂ ਪਹਿਲਾਂ ਚੰਗਾ ਮਾਹੌਲ ਸਿਰਜ਼ਣਾ ਜ਼ਰੂਰੀ ਹੈ। ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਅਤੇ ਚੋਰੀਆਂ, ਲੁੱਟ ਖੋਹਾਂ ਦੀਆਂ ਵਾਰਦਾਤਾਂ ਵੀ ਵੱਧ ਰਹੀਆਂ ਹਨ। ਜਦੋਂ ਅਜਿਹੀਆਂ ਅਫ਼ਵਾਹਾਂ ਬਾਹਰ ਜਾਂਦੀਆਂ ਹਨ ਤਾਂ ਉਥੋਂ ਦੇ ਬੱਚੇ ਅਤੇ ਲੋਕ ਪੰਜਾਬ ਆਉਣ ਤੋਂ ਡਰਦੇ ਹਨ। ਜੇਕਰ ਸਰਕਾਰ ਚਾਹੁੰਦੀ ਹੈ ਕਿ ਇਸਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਉਸਦੇ ਵਾਸਤੇ ਢਾਂਚਾ ਮਜ਼ਬੂਤ ਕਰਨ ਦੀ ਵੀ ਲੋੜ ਹੈ। ਇਥੋਂ ਦੇ ਹੋਟਲਾਂ ਨੂੰ ਟੈਕਸ ਫਰੀ ਕਰਨ ਦੀ ਲੋੜ ਹੈ। ਸਰਕਾਰ ਟੂਰਿਜ਼ਮ ਲਿਆਉਣ ਦੀ ਗੱਲ ਕਰ ਰਹੀ ਪਰ ਉਸ ਤੋਂ ਪਹਿਲਾਂ ਹੋਟਲ ਪਾਲਿਸੀ ਵਿਚ ਬਦਲਾਅ ਕਰਨੇ ਪੈਣਗੇ।

ਸਾਬਕਾ ਮੰਤਰੀ ਦਾ ਕੀ ਹੈ ਕਹਿਣਾ: ਸਾਬਕਾ ਸੈਰ ਸਪਾਟਾ ਮੰਤਰੀ ਸੋਹਨ ਸਿੰਘ ਠੰਡਲ ਕਹਿੰਦੇ ਹਨ ਕਿ ਟੂਰਿਜ਼ਮ ਸਮਿਟ ਕਰਵਾਉਣਾ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਸਰਕਾਰਾਂ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਸਰਕਾਰ ਕੋਈ ਵੀ ਹੋਵੇ , ਇਹ ਪੰਜਾਬ ਆਪਣਾ ਹੈ ਪਰ ਇਹ ਸਰਕਾਰ ਕਿੰਨਾ ਕੁ ਕਰ ਸਕੇਗੀ, ਉਹ ਦੇਖਣ ਵਾਲੀ ਗੱਲ ਹੈ। ਸਰਕਾਰਾਂ ਨਾਂ ਬਹੁਤ ਵੱਡੇ ਰੱਖਦੀਆਂ ਹਨ ਪਰ ਇਨਵੈਸਟ ਕੁਝ ਨਹੀਂ ਕਰ ਪਾਉਂਦੀਆਂ, ਕੋਈ ਫੰਡਿੰਗ ਜਾਰੀ ਨਹੀਂ ਕਰਦੀਆਂ ਅਤੇ ਜੋ ਲੋਕ ਸੈਰ ਸਪਾਟੇ ਲਈ ਆਉਂਦੇ ਹਨ ਉਹਨਾਂ ਨੂੰ ਸਹੂਲਤਾਂ ਵੀ ਨਹੀਂ ਮਿਲ ਪਾਉਂਦੀਆਂ ਹਨ। ਜਿਥੇ ਵੀ ਕਿਸੇ ਸੈਲਾਨੀ ਨੇ ਜਾਣਾ ਉਸਨੂੰ ਆਪਣੀ ਸੁਰੱਖਿਆ ਜ਼ਰੂਰੀ ਹੈ, ਜਿਸ ਤਰੀਕੇ ਨਾਲ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਣੀ ਹੋਈ ਹੈ ਜਾਂ ਨਸ਼ੇ ਦੀ ਭਰਮਾਰ ਹੋ ਰਹੀ ਹੈ, ਸਰਕਾਰ ਨੂੰ ਉਸ ਪਾਸੇ ਧਿਆਨ ਦੇਣ ਦੀ ਲੋੜ ਹੈ। ਸੈਲਾਨੀ ਤਾਂ ਹੀ ਆਉਣਗੇ ਜੇਕਰ ਉਹਨਾਂ ਨੂੰ ਸੁਰੱਖਿਅਤ ਮਾਹੌਲ ਮਿਲੇਗਾ।

ਪਿਆਰੇ ਲਾਲ ਗਰਗ, ਸਿਆਸੀ ਮਾਹਿਰ

ਸਿਆਸੀ ਮਾਹਿਰਾਂ ਦੀ ਕੀ ਹੈ ਸਲਾਹ:ਸੈਰ ਸਪਾਟਾ ਖੇਤਰ ਦੇ ਜਾਣਕਾਰ ਪਿਆਰੇ ਲਾਲ ਗਰਗ ਕਹਿੰਦੇ ਹਨ ਕਿ ਸੈਰ ਸਪਾਟਾ ਵਿਕਸਤ ਕਰਨ 'ਚ ਸੰਤੁਲਨ ਬਣਾਉਣ ਜ਼ਰੂਰੀ ਹੈ, ਹਿਮਾਚਲ ਦੀ ਸਾਰੀ ਅਰਥ ਵਿਵਸਥਾ ਟੂਰਿਜ਼ਮ 'ਤੇ ਨਿਰਭਰ ਕਰਦੀ ਹੈ। ਹੜ੍ਹਾਂ ਵਿਚ ਹਿਮਾਚਲ ਦਾ ਹਾਲ ਕਿਸ ਤਰ੍ਹਾਂ ਦਾ ਹੋਇਆ, ਇਹ ਸਭ ਜਾਣਦੇ ਹਨ ਕਿਉਂਕਿ ਸੈਰ ਸਪਾਟੇ ਨਾਲ ਜਿਹੜਾ ਵਿਕਾਸ ਹੁੰਦਾ ਹੈ, ਉਹ ਇਕਸਾਰ ਨਹੀਂ ਹੁੰਦਾ। ਜਿਸ ਵਿਚ ਵਾਤਾਵਰਣ ਦਾ ਧਿਆਨ ਨਹੀਂ ਰੱਖਿਆ ਜਾਂਦਾ। ਸੈਰ ਸਪਾਟਾ ਦੇ ਨਾਲ-ਨਾਲ ਪੰਜਾਬ ਦੀਆਂ ਅਸਲੀ ਮੁਸ਼ਕਿਲਾਂ ਨਾਲ ਨਜਿੱਠਣ ਦੀ ਲੋੜ ਹੈ। ਸਰਕਾਰ ਕਈ ਪਾਸੇ ਕੋਸ਼ਿਸ਼ਾਂ ਕਰ ਰਹੀ ਹੈ, ਜਿਸਦੇ ਸਕਾਰਾਤਮਕ ਅਤੇ ਨਾਕਾਰਾਤਮਕ ਦੋਵੇਂ ਪ੍ਰਭਾਵ ਹੁੰਦੇ ਹਨ।

ABOUT THE AUTHOR

...view details