ਪੰਜਾਬ ਸਰਕਾਰ ਨੇ ਸੋਲਰ ਊਰਜਾ ਲਈ ਕੀਤਾ ਸਭ ਤੋਂ ਵੱਡਾ ਬਿਜਲੀ ਖਰੀਦ ਸਮਝੌਤਾ ਚੰਡੀਗੜ੍ਹ:ਪੰਜਾਬ ਸਰਕਾਰ ਸੋਲਰ ਊਰਜਾ ਲਈ ਸਭ ਤੋਂ ਵੱਡਾ ਬਿਜਲੀ ਖਰੀਦ ਸਮਝੌਤਾ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਤਹਿਤ ਬਿਜਲੀ ਲਈ 1000 ਮੈਗਾਵਾਟ ਲਈ 2 ਰੁਪਏ 53 ਪੈਸੇ ਪ੍ਰਤੀ ਯੂਨਿਟ ਦਾ ਰੇਟ ਤੈਅ ਕੀਤਾ ਗਿਆ। ਬੀਬੀਐਮਬੀ ਅਧੀਨ ਆਉਂਦੀ ਭਾਰਤ ਸਰਕਾਰ ਦੀ ਕੰਪਨੀ ਸਤਲੁਜ ਜਲ ਗਰੀਨ ਐਨਰਜੀ ਲਿਮੀਟਿਡ ਨਾਲ ਸਮਝੌਤੇ ਦੀ ਮਿਆਦ 25 ਸਾਲ ਹੈ। ਪਾਵਰਕੌਮ ਵਿਚ ਸੰਗਰੂਰ ਵਿਚ ਇਸ ਸਮਝੌਤੇ 'ਤੇ ਹਸਤਾਖਰ ਕੀਤੇ ਗਏ।
ਗਲੋਬਲ ਟੈਂਡਰ ਜਾਰੀ ਕੀਤੇ ਗਏ:ਪੰਜਾਬ ਪਾਵਰਕੌਮ ਨੇ ਸੂਰਜੀ ਊਰਜਾ ਖਰੀਦ ਵਾਸਤੇ ਗਲੋਬਲ ਟੈਂਡਰ ਜਾਰੀ ਕੀਤੇ ਸਨ। ਜਿਸ ਰਾਹੀਂ ਗਰੀਨ ਐਨਰਜੀ ਲਿਮੀਟਿਡ ਵੱਲੋਂ ਬੀਕਾਨੇਰ ਅਤੇ ਭੁਜ ਤੋਂ 2 ਰੁਪਏ 53 ਪੈਸੇ ਦੇ ਹਿਸਾਬ ਨਾਲ ਬਿਨ੍ਹਾਂ ਕਿਸੇ ਵਿਆਜ ਤੋਂ 25 ਸਾਲਾਂ ਲਈ ਬਿਜਲੀ ਦਿੱਤੀ ਜਾਵੇਗੀ। ਮੁੱਖ ਮੰਤਰੀ ਮਾਨ ਦਾ ਦਾਅਵਾ ਹੈ ਕਿ ਇਸ ਨਾਲ ਕੋਈ ਨੁਕਸਾਨ ਵੀ ਨਹੀਂ ਹੋਵੇਗਾ ਕਿਉਂਕਿ ਗਰੀਨ ਐਨਰਜੀ ਲਿਮਿਟਡ ਨੂੰ ਕੋਈ ਟਰਾਂਸਮਿਸ਼ਨ ਚਾਰਜ ਅਤੇ ਕੋਈ ਲੌਸ ਵੀ ਨਹੀਂ ਦਿੱਤਾ ਜਾਵੇਗਾ।
ਕੇਂਦਰ ਸਰਕਾਰ ਦੀ ਸਕੀਮ : ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਕਿ ਕੇਂਦਰ ਸਰਕਾਰ ਦੀ ਸਕੀਮ ਹੈ ਜੋ ਵੀ ਸੂਬਾ 2025 ਤੋਂ ਪਹਿਲਾਂ ਇਸ ਪ੍ਰੋਜੈਕਟ ਨੂੰ ਲਾਗੂ ਕਰੇਗਾ ਉਸਨੂੰ ਟਰਾਂਸਮਿਸ਼ਨ ਦਾ ਕੋਈ ਵੀ ਖਰਚਾ ਨਹੀਂ ਹੋਵੇਗਾ। ਗਰੀਨ ਐਨਰਜੀ ਵੱਲੋਂ ਜੋ ਪਲਾਂਟ ਸ਼ੁਰੂ ਕੀਤੇ ਜਾਣਗੇ ਉਹਨਾਂ ਨਾਲ 83 ਲੱਖ ਯੂਨਿਟ ਬਿਜਲੀ ਹਰ ਰੋਜ਼ ਪੈਦਾ ਹੋਵੇਗੀ। ਪਾਵਰਕੌਮ ਇਸ ਨਾਲ ਖੇਤੀ ਸੈਕਟਰ ਨੂੰ ਵੀ ਬਿਜਲੀ ਮੁਹੱਈਆ ਕਰਵਾਏਗਾ।
4 ਅਤੇ 6 ਪੈਸੇ ਯੂਨਿਟ ਵਿਚ ਕਟੌਤੀ ਕਰਵਾਈ ਗਈ :ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪਹਿਲਾਂ ਗਰੀਨ ਐਨਰਜੀ ਲਿਮੀਟਿਡ ਵੱਲੋਂ ਬਿਜਲੀ ਦੀ ਦਰ 2.59 ਪੈਸੇ ਪ੍ਰਤੀ ਯੂਨਿਟ ਰੱਖੀ ਗਈ ਸੀ। ਸਰਕਾਰ ਅਤੇ ਪਾਵਰਕੌਮ ਵੱਲੋਂ ਦਬਾੳ ਪਾਉਣ ਤੋਂ ਬਾਅਦ ਯੂਨਿਟ ਵਿਚ 6 ਪੈਸੇ ਦੀ ਕਟੌਤੀ ਕਰਵਾਈ ਗਈ। ਇਸੇ ਤਰ੍ਹਾਂ ਕੰਪਨੀ ਦੇ ਹੁਸ਼ਿਆਰਪੁਰ ਸਥਿਤ ਪਲਾਂਟ ਵਿਚੋਂ 200 ਮੈਗਾਵਾਟ ਬਿਜਲੀ ਦੀ ਦਰ 2 ਰੁਪਏ 75 ਪੈਸੇ ਪ੍ਰਤੀ ਯੂਨਿਟ ਲਈ ਸਮਝੌਤਾ ਕੀਤਾ ਗਿਆ ਹੈ। ਹੁਸ਼ਿਆਰਪੁਰ 'ਚ ਕੰਪਨੀ ਨੇ ਬਿਜਲੀ ਦੀ ਦਰ ਪ੍ਰਤੀ ਯੂਨਿਟ 2 ਰੁਪਏ 79 ਪੈਸੇ ਰੱਖੀ ਗਈ ਸੀ ਜਿਸ ਵਿਚ 4 ਪੈਸੇ ਦੀ ਕਟੌਤੀ ਕਰਵਾ ਕੇ ਇਸਨੂੰ 2 ਰੁਪਏ 75 ਪੈਸੇ ਕਰਵਾਇਆ ਗਿਆ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ 4 ਪੈਸੇ ਅਤੇ 6 ਪੈਸੇ ਦੀ ਕਟੌਤੀ ਨਾਲ ਪਾਵਰਕੌਮ ਨੂੰ 25 ਸਾਲਾਂ ਵਿਚ 431 ਕਰੋੜ ਰੁਪਏ ਦੀ ਬੱਚਤ ਹੋਵੇਗੀ।