ਚੰਡੀਗੜ੍ਹ: ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦ 'ਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਸਹਾਇਤਾਂ ਰਾਸ਼ੀ ਵਿੱਚ ਵਾਧਾ ਕਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਹੁਣ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ 50 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।
ਸ਼ਹੀਦਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਰਕਮ 'ਚ ਵਾਧਾ
ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਸਰਹੱਦ 'ਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਹੁਣ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਕੈਪਟਨ ਨੇ ਆਪਣੇ ਟਵਿਟਰ ਪੇਜ 'ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਦੇਸ਼ ਦੇ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਹੁਣ ਤੋਂ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲਾ ਸ਼ਹੀਦਾਂ ਦੇ ਪਰਿਵਾਰਾਂ ਨੂੰ 10 ਤੋਂ 12 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਮਦਦ ਦੇ ਤੌਰ 'ਤੇ ਦਿੱਤੀ ਜਾਂਦੀ ਸੀ। 10 ਤੋਂ 12 ਲੱਖ ਦੇਣ ਦਾ ਇਹ ਫੈਸਲਾ ਸਾਲ 1999 ਵਿੱਚ ਹੋਇਆ ਸੀ। ਜਿਸ ਨੂੰ ਹੁਣ ਕਾਫ਼ੀ ਸਾਲ ਬੀਤ ਚੁੱਕੇ ਹਨ। ਕੈਪਟਨ ਨੇ ਕਿਹਾ ਕਿ ਜੋ ਵੀ ਪੰਜਾਬੀ ਫੌਜੀ ਜਵਾਨ ਸਰਹੱਦ 'ਤੇ ਸ਼ਹੀਦ ਹੋਵੇਗਾ ਉਸ ਦੇ ਪਰਿਵਾਰ ਨੂੰ ਹੁਣ ਤੋਂ 50 ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਜਿਸ ਤਰ੍ਹਾਂ ਪਹਿਲਾ ਦਿੱਤੀ ਜਾਂਦੀ ਸੀ। ਕੈਪਟਨ ਨੇ ਕਿਹਾ ਕਿ ਅਸੀਂ ਆਪਣੇ ਬਹਾਦਰ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਲਈ ਜੋ ਵੀ ਕਰ ਸਕੀਏ ਉਹ ਘੱਟ ਹੈ, ਕਿਉਂਕਿ ਸਾਡੇ ਫੌਜੀਆਂ ਦੀ ਸ਼ਹਾਦਤ ਸਭ ਤੋਂ ਉੱਪਰ ਹੈ।
ਦੱਸ ਦਈਏ ਕਿ ਲੱਦਾਖ ਵਿਖੇ ਪਿਛਲੇ ਦਿਨੀਂ ਭਾਰਤ-ਚੀਨ ਦੇ ਫੌਜਿਆਂ ਵਿਚਕਾਰ ਹੋਈ ਝੜਪ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਜਿਸ ਨੂੰ ਲੈ ਕੇ ਪੂਰਾ ਦੇਸ਼ ਗੁਸੇ ਵਿੱਚ ਹੈ। ਇਸ ਝੜਪ ਵਿੱਚ ਪੰਜਾਬ ਦੇ ਚਾਰ ਜਵਾਨ ਵੀ ਸ਼ਹੀਦ ਹੋਏ ਸਨ।