ਚੰਡੀਗੜ੍ਹ: ਪੰਜਾਬ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਤੰਦਰੁਸਤ ਪੰਜਾਬ ਮਿਸ਼ਨ ਰਸਾਇਣਕ ਖਾਦਾਂ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਵਿੱਚ ਸਫਲ ਰਿਹਾ ਹੈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਨੂੰ ਨੇ ਦੱਸਿਆ ਕਿ ਇਹ ਦੇਖਿਆ ਗਿਆ ਹੈ ਕਿ ਸੂਬੇ ਵਿੱਚ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫਾਰਸ਼ਾਂ ਤੋਂ ਵੱਧ ਖਾਦਾਂ ਦੀ ਵਰਤੋਂ ਕਰ ਰਹੇ ਹਨ। ਇਸ ਲਈ ਇਹ ਮਾਮਲਾ ਪਿਛਲੇ ਤਿੰਨ ਫਸਲਾਂ ਦੌਰਾਨ ਤੰਦਰੁਸਤ ਪੰਜਾਬ ਮਿਸ਼ਨ ਹੇਠ ਪਹਿਲ ਦੇ ਆਧਾਰ ‘ਤੇ ਲਿਆ ਗਿਆ ਸੀ।
ਨਤੀਜੇ ਵਜੋਂ, 2017 ਵਿੱਚ ਸਾਉਣੀ ਦੌਰਾਨ ਯੂਰੀਆ ਦੀ ਖਪਤ ਜੋ ਕਿ 15.43 ਲੱਖ ਟਨ ਸੀ, 2018 ਵਿੱਚ ਸਾਉਣੀ ਦੌਰਾਨ 86000 ਘਟ ਕੇ 14.57 ਲੱਖ ਟਨ ਰਹਿ ਗਈ। 2019 ਵਿੱਚ ਸਾਉਣੀ ਦੌਰਾਨ ਯੂਰੀਆ ਦੀ ਖਪਤ 82000 ਟਨ ਘਟ ਕੇ 13.75 ਲੱਖ ਟਨ ਹੀ ਰਹਿ ਗਈ। ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ ਦੇ ਦੋ ਸਾਲਾਂ ਦੇ ਅੰਦਰ-ਅੰਦਰ ਯੂਰੀਆ ਦੀ ਖਪਤ 168000 ਟਨ ਘਟ ਗਈ ਅਤੇ ਇਸ ਨਾਲ ਕਿਸਾਨਾਂ ਨੂੰ 100.80 ਕਰੋੜ ਰੁਪਏ ਦੀ ਬਚਤ ਹੋਈ ਹੈ।
ਪੰਨੂੰ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਕ, ਝੋਨੇ ਦੀ ਫਸਲ ‘ਤੇ ਡਾਈਮੋਨਿਅਮ ਫਾਸਫੇਟ (ਡੀ.ਏ.ਪੀ.) ਵਰਤਣ ਦੀ ਲੋੜ ਨਹੀਂ ਹੈ ਕਿਉਂਕਿ ਕਿਸਾਨ ਕਣਕ ਦੀ ਫਸਲ ਵਿਚ ਪਹਿਲਾ ਹੀ ਡੀ.ਏ.ਪੀ. ਮਿਲਾ ਦਿੰਦੇ ਹਨ ਜਿਸ ਨਾਲ ਖੇਤ ਵਿਚ ਇਕ ਸਾਲ ਤੱਕ ਫਾਸਫੋਰਸ ਬਰਕਰਾਰ ਰਹਿੰਦਾ ਹੈ। ਫਿਰ ਵੀ ਪੰਜਾਬ ਦੇ ਕਿਸਾਨ ਅਣਜਾਣੇ ਵਿਚ ਅਤੇ ਬੇਲੋੜੇ ਹੀ ਝੋਨੇ ਦੀ ਫਸਲ ਵਿਚ ਡੀ.ਏ.ਪੀ. ਦੀ ਵਰਤੋਂ ਕਰ ਰਹੇ ਸਨ। ਇਸ ਲਈ ਸਾਉਣੀ 2018 ਦੌਰਾਨ ਪਿੰਡਾਂ ਵਿੱਚ ਆਡੀਓ ਵਿਜ਼ੂਅਲ ਪੇਸ਼ਕਾਰੀਆਂ ਰਾਹੀਂ ਅਤੇ ਕੈਂਪ ਲਗਾ ਕੇ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ ਸੀ।
ਨਤੀਜੇ ਵਜੋਂ, ਡੀ.ਏ.ਪੀ. ਦੀ ਖਪਤ, ਜੋ ਕਿ ਸਾਉਣੀ 2017 ਵਿਚ 2.21 ਲੱਖ ਟਨ ਦਰਜ ਕੀਤੀ ਗਈ ਸੀ, ਸਾਉਣੀ 2018 ਵਿਚ 46000 ਟਨ ਘੱਟ ਕੇ 1.75 ਲੱਖ ਟਨ ਰਹਿ ਗਈ। ਇਸੇ ਤਰਾਂ ਸਾਉਣੀ, 2019 ਵਿਚ ਡੀ.ਏ.ਪੀ. ਦੀ ਖਪਤ 1.42 ਲੱਖ ਟਨ ਰਹਿ ਗਈ, ਜਿਸ ਨਾਲ ਸਾਉਣੀ, 2019 ਵਿਚ 33000 ਟਨ ਦੀ ਕੁੱਲ ਕਮੀ ਆਈ। ਦੋ ਸੀਜ਼ਨਾਂ ਵਿਚ ਡੀਏਪੀ ਦੀ ਵਰਤੋਂ ਵਿਚ ਕੁਲ ਕਟੌਤੀ 79000 ਟਨ ਰਹੀ।
ਇਹ ਵੀ ਪੜ੍ਹੋਂ: ਚੰਡੀਗੜ੍ਹ: 30 ਲੱਖ ਦੀ ਲਾਗਤ ਨਾਲ ਬਣਾਇਆ ਦੁਨੀਆ ਦਾ ਸਭ ਤੋਂ ਉੱਚਾ ਰਾਵਣ
ਇਸ ਤਰਾਂ, ਕਿਸਾਨਾਂ ਨੇ ਸਾਉਣੀ 2018 ਵਿਚ 115 ਕਰੋੜ ਰੁਪਏ ਅਤੇ ਸਾਲ 2019 ਵਿਚ 82.50 ਕਰੋੜ ਰੁਪਏ ਦੀ ਬਚਤ ਕੀਤੀ ਤੇ ਇੰਝ ਡੀ.ਏ.ਪੀ. ਦੀ ਵਰਤੋਂ ਨਾ ਕਰਕੇ ਹੁਣ ਤੱਕ 197.50 ਕਰੋੜ ਰੁਪਏ ਬਚਾ ਲਏ ਗਏ।
ਯੂਰੀਆ ’ਤੇ 100.80 ਕਰੋੜ ਰੁਪਏ ਅਤੇ ਡੀ.ਏ.ਪੀ. ’ਤੇ 197.50 ਕਰੋੜ ਰੁਪਏ ਦੀ ਬਚਤ ਨਾਲ ਤੰਦਰੁਸਤ ਪੰਜਾਬ ਮਿਸ਼ਨ ਕਿਸਾਨਾਂ ਦੇ ਤਕਰੀਬਨ 300 ਕਰੋੜ ਰੁਪਏ ਬਚਾਉਣ ਦੇ ਨਾਲ-ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਵਿੱਚ ਸਫਲ ਰਿਹਾ ਹੈ। ਪੰਨੂੰ ਨੇ ਕਿਹਾ ਕਿ ਖਾਦਾਂ ਦੀ ਵਰਤੋਂ ਵਿਚ ਕੀਤੀ ਗਈ ਕਟੌਤੀ ਤੋਂ ਇਲਾਵਾ ਖਾਦ ਮਿਲਾਉਣ ਵਾਲੇ ਕਾਮਿਆਂ ਦੀ ਬਚਤ ਵੀ ਕਿਸਾਨਾਂ ਨੂੰ ਹੋਈ ਹੈ।