ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਹੁਸ਼ਿਆਰਪੁਰ ਨੇੜੇ ਸੜਕ ਹਾਦਸੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ਉਨ੍ਹਾਂ ਦੇ ਪਰਿਵਾਰਾਂ ਨੂੰ ਦੋ-ਦੋ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਹੁਸ਼ਿਆਰਪੁਰ 'ਚ ਪਠਾਨਕੋਟ ਹਾਈਵੇ 'ਤੇ ਖੜ੍ਹੀ ਟਰਾਲੀ ਨਾਲ ਪੁਲਿਸ ਦੀ ਬੱਸ ਦੀ ਟੱਕਰ ਹੋ ਗਈ। ਸਵੇਰੇ ਵਾਪਰੇ ਇਸ ਦਰਦਨਾਕ ਸੜਕ ਹਾਦਸੇ ਵਿੱਚ 3 ਮੁਲਾਜ਼ਮਾਂ ਦੀ ਮੌਤ ਹੋ ਗਈ ਹੈ, ਜਦਕਿ 15 ਦੇ ਕਰੀਬ ਜਖ਼ਮੀ ਹਨ। ਸੀਐਮ ਮਾਨ ਨੇ ਇਸ ਸਬੰਧੀ ਸੋਸ਼ਲ ਮੀਡੀਆ ਐਕਸ ਉੱਤੇ ਟਵੀਟ ਵੀ ਕੀਤਾ ਹੈ।
ਅੱਜ ਮੁਕੇਰੀਆਂ ਵਿਖੇ ਹੋਏ ਸੜਕੀ ਹਾਦਸੇ 'ਚ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਜਾਣ ਚੱਲੀ ਗਈ। ਨੀਤੀ ਮੁਤਾਬਕ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਪੰਜਾਬ ਸਰਕਾਰ ਵੱਲੋਂ ਅਤੇ 1 ਕਰੋੜ ਰੁਪਏ ਦੀ ਬੀਮਾ ਰਾਸ਼ੀ HDFC ਬੈਂਕ ਵੱਲੋਂ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਪੰਜਾਬ ਪੁਲਿਸ ਸਾਡਾ ਮਾਣ ਹੈ ਤੇ ਸਾਡੇ ਬਹਾਦਰ ਜਵਾਨਾਂ ਦੇ ਪਰਿਵਾਰਾਂ ਨਾਲ ਅਸੀਂ ਹਮੇਸ਼ਾ ਖੜ੍ਹੇ ਹਾਂ। - ਭਗਵੰਤ ਮਾਨ, ਮੁੱਖ ਮੰਤਰੀ,ਪੰਜਾਬ
ਮਹਿਲਾ ਮੁਲਾਜ਼ਮ ਸਣੇ 3 ਦੀ ਮੌਤ: ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਕਰਮਚਾਰੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ 18 ਪੁਲਿਸ ਮੁਲਾਜ਼ਮ ਸਵਾਰ ਸਨ। ਹਾਦਸੇ ਵਿੱਚ ਲੇਡੀ ਕਾਂਸਟੇਬਲ ਸ਼ਾਲੂ ਰਾਣਾ (7 ਬਟਾਲੀਅਨ ਪੀਏਪੀ ਜਲੰਧਰ), ਏਐਸਆਈ ਹਰਦੇਵ ਸਿੰਘ (75 ਬਟਾਲੀਅਨ ਪੀਏਪੀ ਜਲੰਧਰ) ਅਤੇ ਬੱਸ ਡਰਾਈਵਰ ਗੁਰਪ੍ਰੀਤ ਸਿੰਘ (ਗੁਰਦਾਸਪੁਰ ਪੁਲਿਸ) ਦੀ ਮੌਤ ਹੋ ਗਈ।