ਦਰਿਆਵਾਂ ਦੇ ਪਾਣੀ ਨੇ ਫਿਰੋਜ਼ਪੁਰ 'ਚ ਮਚਾਇਆ ਕਹਿਰ ਚੰਡੀਗੜ੍ਹ:ਸਤਲੁਜ ਦਰਿਆ ਵਿੱਚ ਆਏ ਭਿਆਨਕ ਹੜ੍ਹ ਕਾਰਨ ਪੰਜਾਬ ਦੇ 8 ਜ਼ਿਲ੍ਹਿਆ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਲੱਖਾਂ ਲੋਕ ਬੇਘਰ (Punjab Floods Update) ਹੋ ਗਏ ਹਨ। ਹਰ ਜ਼ਿਲ੍ਹੇ ਵਿੱਚ ਟੀਮਾਂ ਵੱਲੋਂ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਪੰਜਾਬ ਦੇ ਸਰਹੱਦੀ ਪਿੰਡ ਹੜ੍ਹਾਂ ਕਾਰਨ ਟਾਪੂ ਬਣ ਰਹੇ ਹਨ ਤੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਂ ਉੱਤੇ ਲਿਆਇਆ ਜਾ ਰਿਹਾ ਹੈ।
ਸਰਹੱਦੀ ਪਿੰਡਾਂ ਵਿੱਚ ਤਬਾਹੀ:ਸਤਲੁਜ ਦਰਿਆ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਤਬਾਹੀ ਮਚਾ ਦਿੱਤੀ ਹੈ, ਬੀ.ਐੱਸ.ਐੱਫ ਦੇ ਜਵਾਨ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਸਾਬਤ ਹੋ ਰਹੇ ਹਨ। ਬੀਐਸਐਫ ਦੇ ਜਵਾਨਾਂ ਨੇ ਪਿਛਲੇ 24 ਘੰਟਿਆਂ ਵਿੱਚ ਸਰਹੱਦੀ ਪਿੰਡਾਂ ਨਿਹਾਲਾ ਲਵੇਰਾ, ਰੁਕਨੇਵਾਲਾ, ਤਾਲੀਗਰਾਮ ਅਤੇ ਧੀਰਾਗੰਧੂ ਤੋਂ 426 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਕੇ ਉਨ੍ਹਾਂ ਦੀ ਜਾਨ ਬਚਾਈ ਹੈ। ਦਿਨ ਹੋਵੇ ਜਾਂ ਰਾਤ ਹਰ ਸਮੇਂ ਉਹ ਪਿੰਡ ਵਾਸੀਆਂ ਦੀ ਮਦਦ ਕਰਨ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਤਿਆਰ ਦਿਖਾਈ ਦਿੰਦੇ ਹਨ।
ਫਿਰੋਜ਼ਪੁਰ ਡਵੀਜ਼ਨਲ ਰੇਲਵੇ ਨੇ ਕਈ ਰੇਲਾਂ ਕੀਤੀਆਂ ਰੱਦ:ਫਿਰੋਜ਼ਪੁਰ ਜ਼ਿਲ੍ਹੇ ਵਿੱਚ ਆਏ ਹੜ੍ਹਾਂ ਕਾਰਨ ਮੱਖੂ-ਗਿੱਦੜਪਿੰਡੀ ਰੇਲਵੇ ਪੁਲ ਨੰਬਰ-84 ਦੀ ਸਥਿਤੀ ਬਹੁਤ ਖ਼ਰਾਬ ਬਣੀ ਹੋਈ ਹੈ। ਇਸ ਦੇ ਮੱਦੇਨਜ਼ਰ ਫਿਰੋਜ਼ਪੁਰ ਡਵੀਜ਼ਨਲ ਰੇਲਵੇ ਵੱਲੋਂ ਇਹਤਿਆਤ ਵਜੋਂ ਲਗਾਤਾਰ ਦੂਜੇ ਦਿਨ ਵੀ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਫਿਰੋਜ਼ਪੁਰ ਡਵੀਜ਼ਨਲ ਰੇਲਵੇ ਨੇ ਅੱਜ 19 ਅਗਸਤ ਨੂੰ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਜ਼ਾਨਾ ਚੱਲਣ ਵਾਲੀਆਂ 14 ਛੋਟੀ ਦੂਰੀ ਦੀਆਂ ਐਕਸਪ੍ਰੈਸ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ ਤੇ 4 ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ।
1988 ਵਰਗੇ ਬਣੇ ਹਾਲਾਤ:ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਇਸ ਸਮੇਂ 1988 ਵਿੱਚ ਆਏ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ, ਹਰ ਪਾਸੇ ਪਾਣੀ ਹੀ ਪਾਣੀ ਦਿਖ ਰਿਹਾ ਹੈ। ਸ਼ੁੱਕਰਵਾਰ ਦੁਪਹਿਰ ਹਰੀਕੇ ਹੈੱਡ ਤੋਂ ਸਤਲੁਜ ਦਰਿਆ ਵਿੱਚ 284947 ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਨੂੰ ਦੇਖ ਕੇ ਹਰ ਕੋਈ ਕਹਿ ਰਿਹਾ ਹੈ ਕਿ 1988 ਤੋਂ ਬਾਅਦ ਇਹ ਸਭ ਤੋਂ ਵੱਧ ਪਾਣੀ ਸਤਲੁਜ ਦਰਿਆ ਵਿੱਚ ਆ ਰਿਹਾ ਹੈ।
ਹੁਸੈਨੀਵਾਲਾ ਹੈੱਡ ਦੇ ਪਾਕਿਸਤਾਨ ਵੱਲ ਨੂੰ ਖੋਲ੍ਹੇ ਗੇਟ: ਪਹਾੜਾਂ ’ਤੇ ਭਾਰੀ ਮੀਂਹ ਤੋਂ ਬਾਅਦ ਭਾਖੜਾ, ਪੌਂਗ ਡੈਮ ਤੋਂ ਪਾਣੀ ਛੱਡਣ ਕਾਰਨ ਜ਼ਿਲ੍ਹੇ ਵਿੱਚ ਅਜਿਹੀ ਸਥਿਤੀ ਪੈਦਾ ਹੋ (Punjab Floods Update) ਗਈ ਹੈ। ਹੋਰ ਪਿੰਡਾਂ ਨੂੰ ਬਚਾਉਣ ਲਈਹੁਸੈਨੀਵਾਲਾ ਹੈੱਡ ਦੇ ਸਾਰੇ ਗੇਟ ਪਾਕਿਸਤਾਨ ਵੱਲ ਖੋਲ੍ਹ ਦਿੱਤੇ ਗਏ ਹਨ। ਡੈਮਾਂ ਤੋਂ ਪਾਣੀ ਛੱਡਣ ਦਾ ਸਿਲਸਿਲਾ ਹੁਣ ਵੀ ਘੱਟ ਨਹੀਂ ਹੋਇਆ ਹੈ ਤੇ ਇਹ ਸਮੱਸਿਆ 5 ਤੋਂ 6 ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।