ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਫਿਰ ਤਬਾਹੀ ਮਚਾਈ ਹੈ। ਇਸ ਦੇ ਨਾਲ ਹੀ ਹੁਣ ਪੰਜਾਬ ਵਿੱਚ ਤੀਜੀ ਵਾਰ ਫਿਰ ਤੋਂ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਰੋਪੜ ਜ਼ਿਲ੍ਹੇ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਵੱਧ ਗਿਆ ਹੈ, ਜਦਕਿ ਤਰਨਤਾਰਨ ਦਾ ਇੱਕ ਸਰਹੱਦੀ ਪਿੰਡ ਪਾਣੀ ਵਿੱਚ ਘਿਰ ਗਿਆ ਹੈ। ਭਾਖੜਾ ਡੈਮ ਅਤੇ ਤਰਨਤਾਰਨ ਦੇ ਹਰੀਕੇ ਹੈੱਡ ਤੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।
ਮੁੜ ਖਤਰੇ ਦੇ ਨਿਸ਼ਾਨ 'ਤੇ ਭਾਖੜਾ ਡੈਮ: ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਭਾਖੜਾ ਡੈਮ ਵਿੱਚ ਪਾਣੀ ਘਟਦਾ-ਵਧਦਾ ਰਿਹਾ ਹੈ। ਪਹਿਲਾਂ ਭਾਖੜਾ ਦੇ ਪਾਣੀ ਦਾ ਪੱਧਰ ਖ਼ਤਰੇ ਤੋਂ 8 ਫੁੱਟ ਤੱਕ ਘੱਟ ਗਿਆ ਸੀ, ਪਰ ਹੁਣ ਇਹ ਮੁੜ 1680 ਫੁੱਟ ਦੇ ਖਤਰੇ ਦੇ ਨਿਸ਼ਾਨ 'ਤੇ ਪਹੁੰਚ ਗਿਆ ਹੈ, ਜੋ ਕਿ 7 ਫੁੱਟ ਘੱਟ ਹੈ, ਜਿਸ ਤੋਂ ਬਾਅਦ ਭਾਖੜਾ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।
ਹੁਣ ਤੱਕ ਛੱਡਿਆ ਇੰਨਾ ਪਾਣੀ:ਭਾਖੜਾ ਵਿੱਚ ਅੱਜ ਪਾਣੀ ਦਾ ਪੱਧਰ 1673.91 ਫੁੱਟ ਹੈ। ਭਾਖੜਾ ਡੈਮ ਦੇ ਫਲੱਡ ਗੇਟਾਂ ਨੂੰ 4 ਫੁੱਟ ਤੱਕ ਖੁੱਲ੍ਹਾ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 52810 ਕਿਊਸਿਕ ਦਰਜ ਕੀਤੀ ਗਈ ਹੈ। ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ 41143 ਕਿਊਸਿਕ ਅਤੇ ਫਲੱਡ ਗੇਟਾਂ ਰਾਹੀਂ 15358 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ, ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ ਅਤੇ ਸਤਲੁਜ ਦਰਿਆ ਵਿੱਚ 35900 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜਦੋਂ ਕਿ ਨੰਗਲ ਡੈਮ ਤੋਂ 58400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਸਤਲੁਜ ਦਰਿਆ ਦੇ ਪਿੰਡਾਂ ਨੂੰ ਮੁੜ ਖਾਲੀ ਕਰਵਾਇਆ ਗਿਆ: ਹਿਮਾਚਲ ਵਿੱਚ ਹੋਏ ਮੀਂਹ ਤੋਂ ਬਾਅਦ ਰੋਪੜ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਸਤਲੁਜ ਦੇ ਕੰਢੇ ਵਸੇ ਲੋਕਾਂ ਦੇ ਘਰ ਇੱਕ ਵਾਰ ਫਿਰ ਤੋਂ ਖਾਲੀ ਕਰਵਾ ਲਏ ਗਏ ਹਨ। ਪਿੰਡ ਹਰਸਾ ਬੇਲਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਸਤਲੁਜ ਦੇ ਕਿਨਾਰੇ ਟੁੱਟ ਕੇ ਪਾਣੀ ਪਿੰਡ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ।