ਚੰਡੀਗੜ੍ਹ:ਸਰਦ ਰੁੱਤ ਇਜਲਾਸ ਦੇ ਦੂਜੇ ਅਤੇ ਆਖਰੀ ਦਿਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ 20 ਹਜ਼ਾਰ ਸਕੂਲ 31 ਮਾਰਚ 2024 ਤੋਂ ਪਹਿਲਾਂ WIFI ਦੀ ਸਹੂਲਤ ਨਾਲ ਲੈਸ (Schools will be equipped with WIFI facility) ਹੋਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਦੇ ਹਜ਼ਾਰਾਂ ਸਕੂਲਾਂ ਨੂੰ ਹਾਈਟੈੱਕ ਅਤੇ ਆਧੁਨਿਕ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਫੰਡਾਂ ਨਾਲ ਨਿਰਮਾਣ ਕਾਰਜ ਕਰਵਾਏ ਜਾ ਰਹੇ ਨੇ। ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਸੂਬੇ ਦੇ ਲਗਭਗ ਸਾਰੇ ਸਕੂਲਾਂ ਨੂੰ ਵਾਈਫਾਈ ਦੀ ਸਹੂਲਤ ਨਾਲ ਲੈਸ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੋਵੇਗਾ।
ਸਕੂਲਾਂ ਵਿੱਚ ਆਈ ਸਿੱਖਿਆ ਕ੍ਰਾਂਤੀ:ਸਿੱਖਿਆ ਮੰਤਰੀ ਪੰਜਾਬ ਨੇ ਤੱਥਾਂ ਅਤੇ ਅੰਕੜਿਆਂ ਦੇ ਅਧਾਰ ਉੱਤੇ ਇਹ ਵੀ ਕਿਹਾ ਕਿ ਸੂਬੇ ਦੇ ਹਜ਼ਾਰਾਂ ਸਕੂਲ ਅਧਿਆਪਕਾਂ ਤੋਂ ਬਗੈਰ ਖਾਲੀ ਪਏ ਸਨ ਅਤੇ ਪਿਛਲੀਆਂ ਸਰਕਾਰਾਂ ਸਿਆਸਤ ਤੋਂ ਇਲਾਵਾ ਅਸਲੀ ਕੰਮ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਸੀਐੱਮ ਮਾਨ (CM MAAN) ਦੀ ਅਗਵਾਈ ਵਿੱਚ ਇਹ ਟੀਚਾ ਰੱਖਿਆ ਹੈ ਕਿ ਅਗਲੇ ਸਾਲ ਤੱਕ ਪੰਜਾਬ ਦਾ ਕੋਈ ਵੀ ਸਰਕਾਰੀ ਸਕੂਲ ਅਧਿਆਪਕ ਰਹਿਤ ਨਹੀਂ ਰਹੇਗਾ ਅਤੇ ਨਾ ਹੀਂ ਕੋਈ ਸਕੂਲ ਸਿੰਗਲ ਅਧਿਆਪਕ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਸਕੂਲ ਵਿੱਚ ਘੱਟੋ-ਘੱਟ ਦੋ ਅਧਿਆਪਕ ਤਾਇਨਾਤ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲਾਂ ਦਾ ਕਾਇਆ ਕਲਪ ਕਰ ਦਿੱਤਾ ਹੈ ਅਤੇ ਸੂਬੇ ਅੰਦਰ ਦਿੱਲੀ ਦੀ ਤਰਜ ਉੱਤੇ ਸਿੱਖਿਆ ਕ੍ਰਾਂਤੀ ਲਿਆਂਦੀ ਜਾ ਰਹੀ ਹੈ।
ਨਿੱਜੀ ਸਕੂਲਾਂ ਨੂੰ ਮਾਤ ਦਿੰਦੇ ਸਰਕਾਰੀ ਸਕੂਲ:ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸਕੂਲਾਂ ਦੀ ਨੁਹਾਰ ਬਦਲਣ ਦੀਆਂ ਸਿਰਫ ਗੱਲਾਂ ਹੀ ਨਹੀਂ ਕੀਤੀਆਂ ਸਗੋਂ ਇਸ ਲਈ ਦਿਨ-ਰਾਤ ਜਮੀਨੀ ਪੱਧਰ ਉੱਤੇ ਕੰਮ ਵੀ ਕੀਤਾ। ਸਿੱਖਿਆ ਮੰਤਰੀ ਮੁਤਾਬਕ ਉਨ੍ਹਾਂ ਨੇ ਪੰਜਾਬ ਦੇ ਨਿੱਜੀ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਨੂੰ ਖੜ੍ਹਾ ਕਰ ਦਿੱਤਾ ਹੈ ਅਤੇ ਬੱਚੇ ਵੀ ਸਹੂਲਤਾਂ ਦਾ ਲਾਹਾ ਲੈਕੇ ਨਿੱਜੀ ਸਕੂਲ ਦੇ ਬੱਚਿਆਂ ਨੂੰ ਪੂਰਾ ਸਖ਼ਤ ਮੁਕਾਬਲਾ ਖੇਡਾਂ ਤੋਂ ਲੈਕੇ ਪੜ੍ਹਾਈ ਵਿੱਚ ਦੇ ਰਹੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਾਰ ਸਿਹਤ ਸਹੂਲਤਾਂ ਅਤੇ ਸਿੱਖਿਆ ਕ੍ਰਾਂਤੀ ਦੇ ਮਕਸਦ ਨਾਲ ਆਈ ਸੀ ਅਤੇ ਹੁਣ ਸਰਕਾਰ ਇਸ ਟੀਚੇ ਵੱਲ ਵੱਧ ਵੀ ਰਹੀ ਹੈ।
ਕਰੋੜਾਂ ਰੁਪਏ ਨਾਲ ਵਿਕਾਸ: ਕੈਬਿਨਟ ਮੰਤਰੀ ਨੇ ਦੱਸਿਆ ਕਿ ਮੌਜੂਦ ਸਮੇਂ ਸਰਕਾਰੀ ਸਕੂਲਾਂ ਦੀ ਬਾਊਡਰੀਵਾਲ ਦੀ ਉਸਾਰੀ (Construction of boundary wall) ਲਈ 323 ਕਰੋੜ ਰੱਖੇ ਗਏ ਸਨ, ਜਿਸ ਵਿੱਚੋਂ 290 ਕਰੋੜ ਖਰਚ ਹੋ ਗਏ ਹਨ। ਹੋਰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸੂਬੇ ਦੇ 7654 ਸਕੂਲਾਂ ਵਿੱਚ 1300 ਕਿਲੋਮੀਟਰ ਦੀ ਚਾਰ ਦੀਵਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦਕਿ 10,000 ਨਵੇਂ ਕਮਰੇ ਬਣ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿੱਥੇ ਸਕਿਊਰਟੀ ਤੈਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 31 ਮਾਰਚ,2024 ਤੱਕ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਵਾਈ-ਫ਼ਾਈ ਸਿਸਟਮ ਲੱਗ ਜਾਵੇਗਾ।
ਬੈਂਸ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਬੰਗਾ ਸ਼ਹਿਰ ਵਿੱਚ ਜਲਦ ਹੀ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਸਕੂਲ ਆਫ਼ ਐਮੀਨੈਂਸ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਸਾਡੀ ਸਰਕਾਰ ਦਾ ਉਦੇਸ਼ ਮਿਆਰੀ ਸਿੱਖਿਆ ਤੱਕ ਹਰ ਇੱਕ ਦੀ ਪਹੁੰਚ ਕਰਨਾ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਟੈਕਨਾਲੋਜੀ ਤੋਂ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਦੀ ਵਰਦੀ ਡਿਜ਼ਾਈਨ ਕਰਵਾਈ ਗਈ ਹੈ, ਜਿਸ ਦੀ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਸਿਫ਼ਤ ਕੀਤੀ ਜਾ ਰਹੀ ਹੈ।