ਪੰਜਾਬ ਸਰਕਾਰ ਖ਼ਿਲਾਫ਼ ਡਿੱਪੂ ਹੋਲਡਰਾਂ ਨੇ ਆਪਣਾ ਮੋਰਚਾ ਖੋਲ੍ਹ ਦਿੱਤਾ ਚੰਡੀਗੜ੍ਹ:ਪੰਜਾਬ ਦੇ ਹਰ ਘਰ ਆਟਾ ਪਹੁੰਚਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਪੰਜਾਬ ਸਰਕਾਰ ਖ਼ਿਲਾਫ਼ ਡਿੱਪੂ ਹੋਲਡਰਾਂ ਨੇ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ। ਡਿੱਪੂ ਹੋਲਡਰਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸਰਕਾਰ ਠੇਕੇਦਾਰਾਂ ਰਾਹੀਂ ਜੋ ਆਟਾ ਲੋਕਾਂ ਦੇ ਘਰਾਂ ਤੱਕ ਪਹੁੰਚਾਏਗੀ, ਉਹ ਘਟੀਆ ਕੁਆਲਿਟੀ ਦਾ ਹੋਵੇਗਾ।
ਇਸ ਤੋਂ ਇਲਾਵਾ ਡਿੱਪੂ ਹੋਲਡਰਾਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦਾ ਕਮਿਸ਼ਨ ਲੰਬੇ ਸਮੇਂ ਤੋਂ ਬਕਾਇਆ ਪਿਆ ਹੈ, ਜਿਸ ਦੀ ਅਦਾਇਗੀ ਸਰਕਾਰ ਵੱਲੋਂ ਨਹੀਂ ਕੀਤੀ ਗਈ। ਡਿੱਪੂ ਹੋਲਡਰਾਂ ਨੇ ਵੀ ਘੱਟ ਕਮਿਸ਼ਨ ਦੀ ਸ਼ਿਕਾਇਤ ਕੀਤੀ। ਡਿੱਪੂ ਹੋਲਡਰ ਪੰਜਾਬ ਵਿੱਚ ਆਟਾ ਘਰ-ਘਰ ਪਹੁੰਚਾਉਣ ਦੀ ਸਕੀਮ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਨ੍ਹਾਂ ਮੰਗਾਂ ਨੂੰ ਲੈ ਕੇ ਪੰਜਾਬ ਰਾਜ ਡਿੱਪੂ ਹੋਲਡਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਮੰਗ ਪੱਤਰ ਦਿੱਤਾ।
ਲੰਮੇ ਸਮੇਂ ਤੋਂ ਕਰ ਰਹੇ ਸੰਘਰਸ਼:-ਡਿੱਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਲਈ ਉਹ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਹਨਾਂ ਦੀ ਐਸੋਸੀਏਸ਼ਨ ਬਣੀ 12 ਸਾਲ ਹੋ ਗਏ ਹਨ ਅਤੇ ਸਰਕਾਰ ਹਮੇਸ਼ਾ ਹੀ ਡਿੱਪੂ ਹੋਲਡਰਾਂ ਨੂੰ ਚੋਰ ਕਹਿੰਦੀ ਰਹੀ ਹੈ। ਪਰ ਸਰਕਾਰੀ ਅਤੇ ਸਰਕਾਰੀ ਮਹਿਕਮੇ ਤੋਂ ਬਿਨ੍ਹਾਂ ਚੋਰੀ ਸੰਭਵ ਹੀ ਨਹੀਂ। ਜਦਕਿ ਹੁਣ ਚੋਰ ਮੋਰੀਆਂ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਬਾਇਓਮੈਟ੍ਰਿਕ ਲਗਾਈ ਗਈ। ਪੰਜਾਬ ਸਰਕਾਰ ਦਾ ਇਹਨਾਂ ਬੁਰਾ ਹਾਲ ਹੈ ਕਿ ਬਾਇਓਮੈਟ੍ਰਿਕ ਮਸ਼ੀਨਾਂ 1800 ਹਨ ਅਤੇ 18000 ਡਿਪੂਆਂ 'ਚ ਕਣਕ ਵੰਡੀ ਜਾ ਰਹੀ ਹੈ। ਯਾਨਿ ਕਿ ਇਕ ਮਸ਼ੀਨ ਨਾਲ 10 ਡਿਪੂਆਂ ਦੀ ਕਣਕ ਵੰਡੀ ਜਾ ਰਹੀ ਹੈ। ਜਿਸਦਾ ਮਤਲਬ ਲਾਭਪਾਤਰੀਆਂ ਨੂੰ ਕਦੇ ਇਕ ਡਿਪੂ ਉੱਤੇ ਜਾਣਾ ਪੈਂਦਾ ਕਦੇ ਦੂਜੇ ਡਿਪੂ 'ਤੇ ਜਿਸ ਕਰਕੇ ਲੋਕਾਂ ਨੂੰ ਖੱਜਲ-ਖੁਆਰ ਹੁੰਦਾ ਪੈਂਦਾ ਹੈ। ਉਹਨਾਂ ਆਖਿਆ ਕਿ ਬਹੁਤ ਵਾਰ ਸਰਕਾਰ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ ਹੈ।
ਹਰੇਕ ਡਿੱਪੂ 'ਤੇ ਬਾਇਓਮੈਟ੍ਰਿਕ ਦੀ ਮੰਗ:-ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ ਬਹੁਤ ਵਾਰ ਉਹਨਾਂ ਨੇ ਸਰਕਾਰ ਅੱਗੇ ਹਰੇਕ ਡਿਪੂ ਉੱਤੇ ਬਾਇਓਮੈਟ੍ਰਿਕ ਲਗਾਉਣ ਦੀ ਮੰਗ ਕੀਤੀ। ਅਜਿਹਾ ਨਾ ਹੋਣ ਦੀ ਸੂਰਤ ਵਿਚ ਲੋਕ ਵੀ ਪ੍ਰੇਸ਼ਾਨ ਹੋ ਰਹੇ ਹਨ ਅਤੇ ਡਿਪੂ ਹੋਲਡਰ ਵੀ ਪ੍ਰੇਸ਼ਾਨ ਹੋ ਰਹੇ ਹਨ। ਕੋਰੋਨਾ ਦੇ ਸਮੇਂ ਬਹੁਤ ਸਾਰੇ ਡਿੱਪੂ ਹੋਲਡਰਾਂ ਨੇ ਕੁਰਬਾਨੀਆਂ ਕੀਤੀਆਂ, ਪਰ ਸਰਕਾਰ ਨੇ ਉਹਨਾਂ ਦੇ ਪਰਿਵਾਰਾਂ ਨੂੰ ਨਾ ਕੋਈ ਨੌਕਰੀ ਦਿੱਤੀ ਅਤੇ ਨਾ ਹੀ ਕੋਈ ਮੁਆਵਜ਼ਾ ਦਿੱਤਾ। ਕੋਰੋਨਾ ਦੌਰਾਨ ਜਿਹਨਾਂ ਡਿੱਪੂ ਮੁਲਾਜ਼ਮਾਂ ਦੀ ਜਾਨ ਗਈ, ਉਹਨਾਂ ਦੇ ਪਰਿਵਾਰ ਸੜਕਾਂ 'ਤੇ ਰੁਲ ਰਹੇ ਹਨ। ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ।