ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਚੱਲਦੇ ਆਪਸੀ ਕਲੇਸ਼ ਵਿਚਾਲੇ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਨਵਜੋਤ ਸਿੱਧੂ ਨੂੰ ਚੰਡੀਗੜ੍ਹ ਤਲਬ ਕੀਤਾ। ਸਿੱਧੂ ਚੰਡੀਗੜ੍ਹ ਦੇ ਕਾਂਗਰਸ ਭਵਨ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਿੱਧੂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ, ਪਰ ਉਹ ਮੀਟਿੰਗ ਛੱਡ ਕੇ ਹੁਸ਼ਿਆਰਪੁਰ ਰੈਲੀ ਵਿੱਚ ਚਲੇ ਗਏ। ਬਲਾਕ ਪ੍ਰਧਾਨ ਤੋਂ ਲੈ ਕੇ ਸਾਰੇ ਵੱਡੇ ਆਗੂਆਂ ਨੇ ਸਿੱਧੂ ਦੇ ਇਸ ਰਵੱਈਏ ਦੀ ਸ਼ਿਕਾਇਤ ਕੀਤੀ ਸੀ।
ਮੀਟਿੰਗ ਤੋਂ ਬਾਹਰ ਆ ਕੇ ਬੋਲੇ ਸਿੱਧੂ:ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੂੰ ਮਿਲਣ ਤੋਂ ਬਾਅਦ ਬਾਹਰ ਆਏ। ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਾਲਾ ਕੋਈ ਵੀ ਹੋਵੇ, ਜੇਕਰ ਉਹ ਪਾਰਟੀ ਦੀ ਵਿਚਾਰਧਾਰਾ ਨੂੰ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾ ਰਿਹਾ ਹੈ, ਤਾਂ ਇਸ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।
ਮੇਰੇ ਪ੍ਰੋਗਰਾਮ ਜਾਰੀ ਰਹਿਣਗੇ:ਸਿੱਧੂ ਨੇ ਕਿਹਾ ਕਿ ਮੇਰੇ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਸਨ, ਮੈਂ ਪਾਰਟੀ ਇੰਚਾਰਜ ਦੇਵੇਂਦਰ ਯਾਦਵ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਜੇਕਰ ਇਹ ਪਹਿਲਾਂ ਹੀ ਤੈਅ ਹੈ, ਤਾਂ ਮੈਂ ਜਾਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ, ਜੇਕਰ ਮੇਰੇ ਲਈ ਅਨੁਸ਼ਾਸਨ ਦੀ ਗੱਲ ਹੈ, ਤਾਂ ਇਹ ਦੂਜਿਆਂ ਲਈ ਵੀ ਲਾਗੂ ਹੋਣੀ ਚਾਹੀਦੀ ਹੈ। ਲੋਕਾਂ ਨੂੰ ਮੇਰੇ ਪ੍ਰੋਗਰਾਮਾਂ ਵਿਚ ਆਉਣ ਤੋਂ ਰੋਕਿਆ ਗਿਆ, ਉਨ੍ਹਾਂ ਨੂੰ ਮੇਰੀ ਰੈਲੀ ਵਿੱਚ ਨਾ ਆਉਣ ਲਈ ਫੋਨ ਕੀਤੇ ਗਏ। ਸਿੱਧੂ ਨੇ ਕਿਹਾ ਕਿ ਮੇਰੇ ਪਹਿਲਾਂ ਤੋਂ ਤੈਅ ਕੀਤੇ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹਿਣਗੇ।
ਆਪ ਨਾਲ ਗਠਜੋੜ ਬਾਰੇ: ਆਮ ਆਦਮੀ ਪਾਰਟੀ ਨਾਲ ਗਠਜੋੜ ਬਾਰੇ ਸਿੱਧੂ ਨੇ ਕਿਹਾ ਕਿ ਅਸੀਂ ਪਾਰਟੀ ਦੇ ਸਿਪਾਹੀ ਹਾਂ ਅਤੇ ਹਾਈਕਮਾਂਡ ਜੋ ਵੀ ਫੈਸਲਾ ਲਵੇਗੀ, ਸਾਨੂੰ ਸਵੀਕਾਰ ਹੋਵੇਗਾ। ਅਸੀਂ ਆਪਣੀ ਰਾਏ ਹਾਈਕਮਾਂਡ ਨੂੰ ਦੇ ਚੁੱਕੇ ਹਾਂ। ਪਾਰਟੀ ਹਾਈਕਮਾਂਡ ਜੋ ਵੀ ਕਹੇਗੀ, ਅਸੀਂ ਉਸ ਦੀ ਪਾਲਣਾ ਕਰਾਂਗੇ। ਵਿਰੋਧੀਆਂ ਦੇ ਖਿਲਾਫ ਟਵੀਟ ਕਰਨ ਬਾਰੇ ਸਿੱਧੂ ਨੇ ਕਿਹਾ, ਮੈਂ ਅਕਸਰ ਟਵੀਟ ਕਰਦਾ ਰਹਿੰਦਾ ਹਾਂ, ਇਸ ਵਿੱਚ ਕੋਈ ਨਵੀਂ ਗੱਲ ਨਹੀਂ ਹੈ।
ਰਾਜਾ ਵੜਿੰਗ ਨੇ ਸਿੱਧੂ ਦੇ ਟਵੀਟ ਉੱਤੇ ਕੀਤਾ ਸਵਾਲ:ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਦੇਵੇਂਦਰ ਯਾਦਵ ਨੂੰ ਮਿਲਣ ਪਹੁੰਚੇ। ਵੜਿੰਗ ਨੇ ਸਿੱਧੂ ਨੂੰ ਲੈ ਕੇ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ। ਵੜਿੰਗ ਨੇ ਕਿਹਾ, ਮੈਂ ਇੱਥੇ ਸਿੱਧੂ ਨੂੰ ਮਿਲਣ ਨਹੀਂ ਆਇਆ। ਸਿੱਧੂ ਦੇ ਟਵੀਟ 'ਤੇ ਵੜਿੰਗ ਨੇ ਕਿਹਾ, ਪਹਿਲਾਂ ਸਿੱਧੂ ਇਹ ਦੱਸਣ ਕਿ ਉਨ੍ਹਾਂ ਨੇ ਕਿਸ ਲਈ ਟਵੀਟ ਕੀਤਾ ਹੈ, ਫਿਰ ਜਵਾਬ ਦੇਵਾਂਗਾ। ਸਿੱਧੂ ਦੀਆਂ ਰੈਲੀਆਂ ਬਾਰੇ ਵੜਿੰਗ ਨੇ ਕਿਹਾ ਕਿ ਇਸ ਤਰ੍ਹਾਂ ਵੱਖਰੇ ਪ੍ਰੋਗਰਾਮ ਕਰਨੇ ਠੀਕ ਨਹੀਂ ਹਨ, ਪਾਰਟੀ ਇਨ੍ਹਾਂ ਸਾਰੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀ ਹੈ। ਸਿੱਧੂ ਨੂੰ ਕਾਂਗਰਸ 'ਚੋਂ ਕੱਢਣ ਦੀ ਮੰਗ 'ਤੇ ਵੜਿੰਗ ਨੇ ਕਿਹਾ, ਤੁਹਾਨੂੰ ਜਲਦ ਹੀ ਖ਼ਬਰ ਮਿਲੇਗੀ।
ਮੋਦੀ ਦਾ ਭਾਸ਼ਣ ਸੁਣਨ ਨਹੀਂ ਜਾਣਾ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਵੱਲੋਂ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਸੱਦਾ ਠੁਕਰਾਏ ਜਾਣ 'ਤੇ ਕਿਹਾ ਕਿ ਅਸੀਂ ਮੋਦੀ ਜੀ ਦੇ ਸੱਦੇ 'ਤੇ ਅਯੁੱਧਿਆ ਨਹੀਂ ਜਾਵਾਂਗੇ। ਇਹ ਮੋਦੀ ਜੀ ਦਾ ਸਮਾਗਮ ਹੈ, ਅਸੀਂ ਉਨ੍ਹਾਂ ਦਾ ਭਾਸ਼ਣ ਸੁਣਨ ਨਹੀਂ ਜਾਵਾਂਗੇ। ਰਾਮ ਸਾਡੇ ਹਰ ਤੰਤੂ ਵਿੱਚ ਵੱਸਦੇ ਹਨ, ਅਸੀਂ ਅਯੁੱਧਿਆ ਜ਼ਰੂਰ ਜਾਵਾਂਗੇ, ਪਰ ਬਾਅਦ ਵਿੱਚ।
21 ਜਨਵਰੀ ਨੂੰ ਮੋਗਾ ਰੈਲੀ ਦਾ ਐਲਾਨ :ਨਵਜੋਤ ਸਿੱਧੂ ਨੇ ਲਗਾਤਾਰ ਵੱਖਰਾ ਰਾਹ ਅਪਨਾਉਂਦੇ ਹੋਏ ਹੁਣ 21 ਜਨਵਰੀ ਨੂੰ ਮੋਗਾ ਵਿਖੇ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਰੋਧੀਆਂ ਨੂੰ ਵੀ ਕਰਾਰਾ ਜਵਾਬ ਦਿੱਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਤੇ ਅਸਿੱਧੇ ਤੌਰ ਉੱਤੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ਉੱਤੇ ਪੋਸਟ ਸਾਂਝੀ ਕੀਤੀ।