ਚੰਡੀਗੜ੍ਹ: ਲੋਕ ਸਭਾ ਚੋਣਾਂ ਅਤੇ ਆਮ ਆਦਮੀ ਪਾਰਟੀ ਨਾਲ ਗਠਜੋੜ ਨੂੰ ਲੈ ਕੇ ਪੰਜਾਬ ਕਾਂਗਰਸ ਦੀ ਦੂਜੇ ਦਿਨ ਵੀ ਬੈਠਕ ਹੋਈ। ਪਾਰਟੀ ਦੇ ਪ੍ਰਦੇਸ਼ ਇੰਚਾਰਜ ਦੇਵੇਂਦਰ ਯਾਦਵ ਦੀ ਅਗਵਾਈ ਵਿੱਚ ਮੀਟਿੰਗ ਹੋ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਹੋਰ ਨੇਤਾ ਵੀ ਮੀਟਿੰਗ ਵਿੱਚ ਮੌਜੂਦ ਰਹੇ। ਨਵਜੋਤ ਸਿੰਘ ਸਿੱਧੂ ਨੂੰ ਅੱਜ ਦੀ ਮੀਟਿੰਗ ਵਿੱਚ ਮਿਲਣ ਲਈ ਨਹੀਂ ਬੁਲਾਇਆ ਗਿਆ। ਮੀਟਿੰਗ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਐਕਸ ਉੱਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਇੰਡਿਆ ਗਠਜੋੜ ਬਾਰੇ ਵਾਰ-ਵਾਰ ਗੱਲ ਨਾ ਕਰੋ :ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ ਜਾਰੀ ਹੈ। ਇੰਡਿਆ ਗਠਜੋੜ ਦੀ ਗੱਲ ਰੋਜ਼-ਰੋਜ਼ ਨਾ ਕੀਤੀ ਜਾਵੇ। ਇਹ ਚਰਚਾ ਹਾਈਕਮਾਂਡ ਨੇ ਸਾਡੇ ਨਾਲ ਨਹੀਂ ਕੀਤੀ। ਜਦੋਂ ਕਰਨਗੇ, ਤਾਂ ਇਹ ਗੱਲ ਛੁਪਾਉਣ ਵਾਲੀ ਵੀ ਨਹੀਂ ਹੈ। ਮੀਡੀਆ ਨੂੰ ਦੱਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੀਡੀਆ ਵੀ ਵਾਰ-ਵਾਰ ਇਹ ਇੰਡਿਆ ਗਠਜੋੜ ਦੀ ਚਰਚਾ ਬਾਰੇ ਗੱਲ ਨਾ ਕੀਤੀ ਜਾਵੇ। ਰਾਜਾ ਵੜਿੰਗ ਨੇ ਕਿਹਾ ਇਸ ਨੂੰ ਹਰ ਕੋਈ ਵਿਅਕਤੀਗਤ ਰਾਏ ਲਈ ਜਾ ਰਹੀ ਹੈ, ਜਿਸ ਦਾ ਆਖਰੀ ਫੈਸਲਾ ਕਾਂਗਰਸ ਹਾਈਕਮਾਂਡ ਦਾ ਹੈ।
ਸਿੱਧੂ ਨਾਲ ਨਾਰਾਜ਼ ਵੜਿੰਗ ! : ਨਵਜੋਤ ਸਿੰਘ ਸਿੱਧੂ ਉੱਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਰਾਜਾ ਵੜਿੰਗ ਦਾ ਦਿਲ ਵੱਡਾ, ਵਿਅਕਤੀ ਛੋਟਾ ਹੋ ਸਕਦਾ ਹਾਂ। ਉਨ੍ਹਾਂ ਕਿਹਾ ਕਿ ਕਿਸੇ ਵੀ ਹੋਰ ਪ੍ਰਦੇਸ਼ ਵਿੱਚ ਇੰਝ ਨਹੀਂ ਹੁੰਦਾ ਹੈ ਪ੍ਰਧਾਨ ਦੀ ਜਾਣਕਾਰੀ ਤੋਂ ਬਿਨਾਂ ਕੋਈ ਪ੍ਰੋਗਰਾਮ ਹੋਵੇ। ਉਨ੍ਹਾਂ ਕਿਹਾ ਕਿ ਕਈਆਂ ਦਾ ਕੱਦ ਵੱਡਾ, ਪਰ ਦਿੱਲ ਛੋਟਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜੇ ਵੱਖਰੀ ਰੈਲੀ ਪਾਰਟੀ ਦੇ ਹਿੱਤ ਲਈ ਹੈ, ਤਾਂ ਠੀਕ, ਪਰ ਜੇਕਰ ਰੈਲੀ ਵਿੱਚ ਕੋਈ ਪਾਰਟੀ ਅੰਦਰ ਹੀ ਕਿਸੇ ਖਿਲਾਫ ਭੜਕਾਏਗਾ, ਤਾਂ ਉਸ ਉਪਰ ਕਾਰਵਾਈ ਹੋਵੇਗੀ।
ਨਵਜੋਤ ਸਿੱਧੂ ਅੱਜ ਵੀ ਮੀਟਿੰਗ 'ਚ ਨਹੀਂ : ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਅੱਜ ਪੰਜਾਬ ਕਾਂਗਰਸ ਦੇ ਅਧਿਕਾਰੀਆਂ ਨਾਲ ਦੂਜੇ ਦੌਰ ਦੀ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਸਾਰੇ ਜ਼ਿਲ੍ਹਿਆਂ ਤੋਂ ਬਲਾਕ ਪ੍ਰਧਾਨਾਂ, ਸੂਬਾ ਕਾਂਗਰਸ ਕਮੇਟੀ ਦੇ ਮੈਂਬਰਾਂ ਨੂੰ ਬੁਲਾਇਆ ਗਿਆ ਹੈ ਅਤੇ ਵਿਚਾਰ ਕੀਤੇ ਗਏ। ਉਨ੍ਹਾਂ ਕਿਹਾ ਕਿ ਅੱਜ ਸਾਰੇ ਸੀਨੀਅਰ ਆਗੂਆਂ ਨੇ ਸਾਨੂੰ ਆਪਣੀ ਰਾਏ ਦਿੱਤੀ ਹੈ। ਹੁਣ ਹਾਈਕਮਾਂਡ ਨੂੰ ਫੀਡਬੈਕ ਦੇ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਅੱਜ ਮਿਲਣ ਲਈ ਨਹੀਂ ਬੁਲਾਇਆ ਗਿਆ। ਯਾਦਵ ਨੇ ਕਿਹਾ ਕਿ ਭਲਕੇ ਵੀ ਮੀਟਿੰਗ ਦਾ ਦੌਰ ਜਾਰੀ ਰਹੇਗਾ, ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਸਾਰੀ ਰਿਪੋਰਟ ਕਾਂਗਰਸ ਹਾਈਕਮਾਂਡ ਨੂੰ ਸੌਂਪ ਦਿੱਤੀ ਜਾਵੇਗੀ।