ਚੰਡੀਗੜ੍ਹ: ਕੋਰੋਨਾ ਵਾਇਰਸ ਖ਼ਿਲਾਫ ਪੂਰਾ ਦੇਸ਼ ਜੰਗ ਲੜ ਰਿਹਾ ਹੈ। ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ। ਦੇਸ਼ਵਾਸੀ ਸਰਕਾਰ ਵੱਲੋਂ ਕੀਤੇ ਗਏ ਲੌਕਡਾਊਨ ਦਾ ਵੀ ਸਮਰਥਨ ਕਰ ਰਹੇ ਹਨ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਖ਼ਿਲਾਫ ਜੰਗ ਲਈ ਆਪਣੀ ਸੁਰੱਖਿਆ ਨੂੰ ਵੀ ਘਟਾ ਦਿੱਤਾ ਹੈ।
ਕੋਰੋਨਾ ਖ਼ਿਲਾਫ਼ ਜੰਗ ਲਈ ਕੈਪਟਨ ਨੇ ਘਟਾਈ ਆਪਣੀ ਸੁਰੱਖਿਆ
ਕੋਵਿਡ-19 ਦੇ ਮਾਮਲੇ ਪੰਜਾਬ ਵਿੱਚ ਵਧਦੇ ਜਾ ਰਹੇ ਹਨ। ਪੰਜਾਬ ਵਿੱਚ ਹਰ ਥਾਂ ਪੁਲਿਸ ਤੈਨਾਤ ਹੈ ਜੋ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦੀ ਅਪੀਲ ਕਰ ਰਹੀ ਹੈ। ਉੱਥੇ ਹੀ ਹੁਣ ਮੁੱਖ ਮੰਤਰੀ ਕੈਪਟਨ ਦੀ ਸੁਰੱਖਿਆ ਵਿੱਚ ਲੱਗੀ ਪੁਲਿਸ ਫੋਰਸ ਵੀ ਲੌਕਡਾਊਨ ਦਰਮਿਆਨ ਫੀਲਡ ਵਿੱਚ ਤਾਇਨਾਤ ਕੀਤੀ ਜਾਵੇਗੀ।
ਡੀਜੀਪੀ ਦਿਨਕਰ ਗੁਪਤਾ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਵੀ.ਵੀ.ਆਈ.ਪੀਜ਼ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਫੋਰਸ ਵੀ ਲੋੜ ਅਨੁਸਾਰ ਬੁਲਾਉਣ ਲਈ ਅਧਿਕਾਰਤ ਕੀਤਾ ਸੀ। ਡੀਜੀਪੀ ਨੇ ਦੱਸਿਆ ਕਿ ਹੋਰ ਵਾਪਸ ਬੁਲਾਉਣ ਦਾ ਫੈਸਲਾ ਸੰਕਟ ਦੇ ਡਰ ਨੂੰ ਦੇਖਦਿਆਂ ਸਾਰੀ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਕੀਤਾ ਜਾਵੇਗਾ। ਕਰਫਿਊ ਦੇ ਚਲਦੇ ਕੰਮ ਕਰਨ ਵਿੱਚ ਜੁਟੇ 44, 546 ਪੁਲਿਸ ਫੋਰਸ 'ਤੇ ਦਬਾਅ ਘਟਾਉਣ ਲਈ 1300 ਦੇ ਕਰੀਬ ਪੁਲਿਸ ਕਰਮੀਆਂ ਨੂੰ ਵੀ.ਵੀ.ਆਈ.ਪੀਜ਼ ਡਿਊਟੀ ਤੋਂ ਵਾਪਸ ਬੁਲਾ ਲਿਆ ਗਿਆ ਹੈ। ਜਿਨ੍ਹਾਂ ਵਿੱਚ ਮੁੱਖ ਮੰਤਰੀ ਸੁਰੱਖਿਆ ਵਿੱਚ ਤਾਇਨਾਤ ਅਮਲੇ ਦੀ ਵੀ ਚੋਖੀ ਗਿਣਤੀ ਸ਼ਾਮਲ ਹੈ। ਇਹ ਵਾਪਸ ਬੁਲਾਏ ਕਰਮੀ ਕੋਵਿਡ-19 ਕਾਰਨ ਲੱਗੇ ਲੌਕਡਾਊਨ ਨੂੰ ਲਾਗੂ ਕਰਵਾਉਣ ਲਈ ਫੀਲਡ ਵਿੱਚ ਤਾਇਨਾਤ ਕੀਤੇ ਜਾਣਗੇ।