ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਹੱਥ ਲਿਖਤਾਂ,ਸਾਖੀਆਂ, ਨਾਨਕਸ਼ਾਹੀ ਸਿੱਕਿਆਂ ਤੇ ਹੋਰ ਦੁਰਲੱਭ ਹੱਥ ਲਿਖਤਾਂ ਦੀ ਇਕ ਪ੍ਰਦਰਸ਼ਨੀ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਗਿਆ।
ਉਨ੍ਹਾਂ ਦਿਹਾਤੀ ਖੇਤਰ ਵਿਚਲੇ ਲੋਕਾਂ ਵਲੋਂ ਦਸਤਕਾਰੀ ਰਾਹੀਂ ਤਿਆਰ ਕੀਤੀਆਂ ਵਸਤਾਂ ਤੇ ਸਵੈ ਸਹਾਇਤਾ ਗਰੁੱਪਾਂ ਵਲੋਂ ਕੀਤੇ ਜਾ ਰਹੇ ਕਾਰੋਬਾਰ ਬਾਰੇ ਵੀ ਇੱਕ ਹੋਰ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਪੰਜਾਬ ਦੇ ਸੈਰ ਸਪਾਟਾ ਵਿਭਾਗ ਵਲੋਂ ਲਗਵਾਈ ਗਈ ਪ੍ਰਦਰਸ਼ਨੀ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ 53 ਪੈਨਲ ਲਗਾਏ ਗਏ ਹਨ ਜਿਨਾਂ ਵਿਚ ਉਨ੍ਹਾਂ ਦੇ ਜਨਮ ਤੋਂ ਲੈ ਕੇ ਉਦਾਸੀਆਂ, ਖੇਤੀ ਕਰਨ ਤੇ ਅੰਤਿਮ ਸਮੇਂ ਨਾਲ ਸਬੰਧਿਤ ਦੁਰਲੱਭ ਚਿੱਤਰ, ਹੱਥ ਲਿਖਤ ਜਨਮ ਸਾਖੀਆਂ ਤੇ ਸੋਨੇ ਤੇ ਚਾਂਦੀ ਦੇ ਨਾਨਕਸ਼ਾਹੀ ਸਿੱਕੇ ਸ਼ਾਮਿਲ ਹਨ।