ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦ ’ਤੇ ਵਧਦੇ ਤਣਾਅ ਦਾ ਕੂਟਨੀਤਕ ਤੌਰ ਉੱਤੇ ਹੱਲ ਕੱਢਣ ਦੀ ਵਕਾਲਤ ਕਰਨ ਦੇ ਨਾਲ ਹੀ ਸ਼ਨਿਚਰਵਾਰ ਨੂੰ ਚੀਨ ਨੂੰ ਚੇਤਾਵਨੀ ਦਿੱਤੀ ਕਿ ਉਹ ਭਾਰਤੀ ਸਰਹੱਦ ਅੰਦਰ ਵੜਣ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਦੀ ਇਸ ਧਮਕੀ ਦੇ ਬਾਵਜੂਦ ਭਾਰਤ ਪਿੱਛੇ ਨਹੀਂ ਹਟੇਗਾ।
ਮੁੱਖ ਮੰਤਰੀ ਨੇ ਚੀਨ ਨੂੰ ਭਾਰਤ ਨੂੰ ਹਲਕੇ ਵਿੱਚ ਨਾ ਲੈਣ ਦੀ ਚੇਤਾਵਨੀ ਦਿੰਦਿਆਂ ਕਿਹਾ, ‘‘ਹਾਲਾਂਕਿ ਅਸੀਂ ਯੁੱਧ ਨਹੀਂ ਚਾਹੁੰਦੇ ਪਰ ਅਸੀਂ ਚੀਨ ਦੀ ਧੱਕੇਸ਼ਾਹੀ ਨੂੰ ਵੀ ਬਰਦਾਸ਼ਤ ਨਹੀਂ ਕਰਾਂਗੇ। ਇਹ 1962 ਨਹੀਂ ਹੈ।’’ ਉਨ੍ਹਾਂ ਇੱਕ ਗੱਲ ਸਪੱਸ਼ਟ ਕਰਦਿਆਂ ਕਿਹਾ ਕਿ ਜੇ ਚੀਨ ਨੇ ਅਜਿਹਾ ਵਤੀਰਾ ਬੰਦ ਨਾ ਕੀਤਾ ਤਾਂ ਉਸ ਨੂੰ ਇਸ ਦੀ ਭਾਰੀ ਕੀਮਤ ਭੁਗਤਣੀ ਪਵੇਗੀ।
ਉੱਥੇ ਹੀ ਕੈਪਟਨ ਨੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਦੀਆਂ ਪੰਜਾਬ ਵਿੱਚ ਲੋਕਾਂ ਨੂੰ ਭੜਕਾਉਣ ਅਤੇ ਗੜਬੜੀ ਪੈਦਾ ਕਰਨ ਨੂੰ ਲੈ ਕੇ ਕਿਹਾ ਕਿ ਉਹ ਕਿਸੇ ਵੀ ਵਿਦੇਸ਼ੀ ਅਨਸਰ ਨੂੰ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਣਗੇ। ਉਨ੍ਹਾਂ ਪੰਨੂੰ ਨੂੰ ਚੇਤਾਵਨੀ ਦਿੱਤੀ ਕਿ ਜੇ ਉਸ ਨੇ ਸੂਬੇ ਵਿੱਚ ਗੜਬੜੀ ਕਰਨ ਦੀਆਂ ਕੋਸ਼ਿਸ਼ਾਂ ਬੰਦ ਨਹੀਂ ਕੀਤੀਆਂ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਇਸ ਗੱਲ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਨੂੰ ਵਰਗੇ ਲੋਕਾਂ ਨਾਲ ਕਿਵੇਂ ਨਜਿੱਠਣਾ ਹੈ ਉਹ ਚੰਗੀ ਤਰ੍ਹਾਂ ਜਾਣਗੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇ ਉਸ ਵਿੱਚ ਹਿੰਮਤ ਹੈ ਤਾਂ ਉਹ ਪੰਜਾਬ ਵਿੱਚ ਦਾਖ਼ਲ ਹੋ ਕੇ ਦਿਖਾਵੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬਾ ਪੰਨੂੰ ਅਤੇ ਉਸਦੀ ਪਾਬੰਦੀਸ਼ੁਦਾ ਸੰਗਠਨ ਤੋਂ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਮੁੱਖ ਮੰਤਰੀ ਨੇ ਪਾਕਿਸਤਾਨ ਨੂੰ ਵੀ ਸਖ਼ਤ ਚੇਤਾਵਨੀ ਦਿੱਤੀ ਜੋ ਡਰੋਨਾਂ ਦੀ ਵਰਤੋਂ ਅਤੇ ਹੋਰ ਢੰਗ-ਤਰੀਕੇ ਅਪਣਾ ਕੇ ਸਰਹੱਦੋਂ ਪਾਰ ਅੱਤਵਾਦੀਆਂ, ਹਥਿਆਰਾਂ ਅਤੇ ਨਸ਼ਿਆਂ ਨੂੰ ਧੱਕ ਕੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਗੜਬੜੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੰਦ ਕਰੇ।
ਉਨ੍ਹਾਂ ਕਿਹਾ ਕਿ ਮਜ਼ਬੂਤ ਸੁਰੱਖਿਆ ਢਾਂਚਾ ਜਿਸ ਵਿੱਚ ਬੀ.ਐਸ.ਐਫ., ਪੰਜਾਬ ਪੁਲਿਸ ਅਤੇ ਭਾਰਤੀ ਫੌਜ ਸ਼ਾਮਲ ਹਨ, ਪਾਕਿਸਤਾਨ ਤੋਂ 24 ਘੰਟੇ ਸਰਹੱਦ ਦੀ ਨਿਗਰਾਨੀ ਅਤੇ ਸੁਰੱਖਿਆ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਪਿਛਲੇ ਮਹੀਨਿਆਂ ਵਿੱਚ 32 ਅੱਤਵਾਦੀ ਮੌਡਿਊਲਾਂ ਦਾ ਪਰਦਾਫਾਸ਼ ਕੀਤਾ ਸੀ ਅਤੇ 200 ਤੋਂ ਵੱਧ ਹਥਿਆਰ ਜ਼ਬਤ ਕੀਤੇ ਸਨ।
ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕੋਲਕਾਤਾ ਦੇ ਇਕ ਵਸਨੀਕ ਦੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਭਾਰਤੀ ਸੈਨਾ ਕਰਾਰਾ ਜਵਾਬ ਦੇਣ ਲਈ ਪੂਰੀ ਤਰਾਂ ਤਿਆਰ ਹੈ ਅਤੇ ਚੀਨ ਨੂੰ ਕੋਈ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ।’’ ਉਨ੍ਹਾਂ ਚੀਨ ਨੂੰ ਆਪਣੇ ਤਰੀਕੇ ਬਦਲਣ ਅਤੇ ਭਾਰਤ ਨਾਲ ਗੱਲਬਾਤ ਕਰ ਕੇ ਸਾਰਾ ਮਾਮਲਾ ਨਿਪਟਾਉਣ ਦੀ ਅਪੀਲ ਕਰਦਿਆਂ ਕਿਹਾ, ‘‘ਅਸੀਂ ਕਿਸੇ ਮੁਲਕ ਖਿਲਾਫ਼ ਲੜਾਈ ਨਹੀਂ ਚਾਹੁੰਦੇ ਅਤੇ ਸਥਿਤੀ ਵਿੱਚ ਸੁਧਾਰ ਚਾਹੁੰਦੇ ਹਨ ਪਰ ਜੇ ਉਹ ਇਸੇ ਤਰਾਂ ਵਿਵਹਾਰ ਕਰਦੇ ਰਹੇ ਤਾਂ ਸਾਡੇ ਕੋਲ ਕੋਈ ਹੋਰ ਤਰੀਕਾ ਨਹੀਂ ਬਚੇਗਾ।’’
ਕੈਪਟਨ ਨੇ ਕਿਹਾ ਕਿ ਚੀਨ ਭਾਰਤ ਨੂੰ ਸਰਹੱਦ ਦੇ ਨਾਲ ਆਪਣੀ ਸਾਈਡ ਕੋਈ ਵੀ ਇਮਾਰਤੀ ਢਾਂਚਾ ਉਸਾਰਨ ਤੋਂ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ, ‘‘ਚੀਨੀ ਲੋਕ ਸਾਡੀ ਕੋਈ ਗੱਲ ਨਹੀਂ ਸੁਣਦੇ ਜਦੋਂ ਅਸੀਂ ਅਕਸਾਈ ਚੀਨ ਵਿੱਚ ਉਨ੍ਹਾਂ ਵੱਲੋਂ ਸਾਡੇ ਇਲਾਕੇ ਅੰਦਰ ਸੜਕਾਂ ਬਣਾਉਣ ਉਤੇ ਇਤਰਾਜ਼ ਕਰਦੇ ਹਾਂ ਪਰ ਹੁਣ ਜਦੋਂ ਅਸੀਂ ਆਪਣੇ ਇਲਾਕੇ ਵਿੱਚ ਇਕ ਸੜਕ ਬਣਾ ਰਹੇ ਹਾਂ ਤਾਂ ਉਹ ਉਤੇਜਕ ਹੋ ਗਏ।’’