ਪੰਜਾਬ

punjab

By ETV Bharat Punjabi Team

Published : Jan 15, 2024, 4:58 PM IST

ETV Bharat / state

ਸੀਐਮ ਮਾਨ ਨੇ ਫੌਜੀ ਜਵਾਨ ਤਰਲੋਚਨ ਸਿੰਘ ਦੀ ਸ਼ਹਾਦਤ 'ਤੇ ਜਤਾਇਆ ਦੁੱਖ, ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

CM Mann Expressed Grief Over Martyrdom of Tarlochan Singh: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਰਤੀ ਫੌਜ ਦੇ ਜਵਾਨ ਤਰਲੋਚਨ ਸਿੰਘ ਦੀ ਸ਼ਹਾਦਤ 'ਤੇ ਡੂੰਘੇ ਦੁੱਖ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ।

Bhagwant Mann, Tarlochan Singh
Bhagwant Mann

ਚੰਡੀਗੜ੍ਹ:ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ ਇੱਕ ਹੋਰ ਫੌਜੀ ਜਵਾਨ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀ ਗਿਆ। ਸ਼ਹੀਦ ਜਵਾਨ ਸੰਗਰੂਰ ਦੇ ਪਿੰਡ ਜਖੇਪਲ ਧਾਲੀਵਾਲਬਾਸ ਦਾ ਰਹਿਣ ਵਾਲਾ ਸੀ। ਇਹ ਦੁੱਖ ਭਰੀ ਖ਼ਬਰ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਜਵਾਨ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਰਿਵਾਰ ਦੀ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।

ਸੀਐਮ ਮਾਨ ਨੇ ਸੋਸ਼ਲ ਮੀਡੀਆ ਐਕਸ ਉੱਤੇ ਪੋਸਟ ਸ਼ੇਅਰ ਕਰਦਿਆ ਲਿਖਿਆ -

ਸੁਨਾਮ ਹਲਕੇ ਦੇ ਜਖੇਪਲ ਪਿੰਡ ਦੇ ਵਾਸੀ ਸਿਪਾਹੀ ਤਰਲੋਚਨ ਸਿੰਘ, ਜੋ ਡਿਊਟੀ ਦੌਰਾਨ ਹਾਦਸਾਗ੍ਰਸਤ ਹੋਏ ਤੇ ਜੇਰੇ ਇਲਾਜ ਸ਼ਹਾਦਤ ਪਾ ਗਏ। ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ। ਸਰਕਾਰ ਵੱਲੋਂ ਵਾਅਦੇ ਅਨੁਸਾਰ ਹਰ ਸੰਭਵ ਮਦਦ ਕਰਾਂਗੇ। ਜਵਾਨਾਂ ਦੇ ਪਰਿਵਾਰਾਂ ਦੀ ਪਿੱਛੋਂ ਸਾਂਭ ਸੰਭਾਲ ਕਰਨਾ ਸਾਡੀ ਸਰਕਾਰ ਦਾ ਪਹਿਲਾ ਫ਼ਰਜ਼ ਹੈ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ

ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ : ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ 11 ਸਿੱਖ ਐਲ.ਆਈ. ਵਿੱਚ ਤਾਇਨਾਤ 35 ਸਾਲਾ ਜਵਾਨ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਡਿਊਟੀ ਨਿਭਾਉਂਦੇ ਹੋਏ ਬਰਫ਼ ਕਾਰਨ ਹਾਦਸਾਗ੍ਰਸਤ ਹੋ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਤਰਲੋਚਨ ਸਿੰਘ, ਜੋ ਕਿ ਪਿੰਡ ਜਖੇਪਲ ਧਾਲੀਵਾਲਬਾਸ, ਤਹਿਸੀਲ ਸੁਨਾਮ ਊਧਮ ਸਿੰਘ ਵਾਲਾ, ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ, ਨੇ ਆਰਮੀ ਹਸਪਤਾਲ ਵਿੱਚ ਇਲਾਜ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਦੇਸ਼ ਲਈ ਅਤੇ ਖਾਸ ਕਰਕੇ ਦੁਖੀ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇਗੀ: ਮੁੱਖ ਮੰਤਰੀ ਨੇ ਬਹਾਦਰ ਸ਼ਹੀਦ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਸ ਸ਼ਹੀਦ ਨੇ ਦੇਸ਼ ਦੀ ਏਕਤਾ ਦੀ ਰਾਖੀ ਕਰਦਿਆਂ ਸੂਬੇ ਦੀ ਗੌਰਵਮਈ ਵਿਰਾਸਤ ਨੂੰ ਬਰਕਰਾਰ ਰੱਖਣ ਲਈ ਆਪਣੀ ਡਿਊਟੀ ਬਹਾਦਰੀ ਨਾਲ ਨਿਭਾਉਣ ਵਿੱਚ ਪੂਰੀ ਲਗਨ ਅਤੇ ਸਮਰਪਿਤ ਭਾਵਨਾ ਦਿਖਾਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸ਼ਹੀਦ ਦੀ ਲਾਸਾਨੀ ਕੁਰਬਾਨੀ ਉਨ੍ਹਾਂ ਦੇ ਸਾਥੀ ਸੈਨਿਕਾਂ ਨੂੰ ਆਪਣੀ ਡਿਊਟੀ ਹੋਰ ਵੀ ਤਨਦੇਹੀ ਨਾਲ ਨਿਭਾਉਣ ਦੀ ਪ੍ਰੇਰਨਾ ਦਿੰਦੀ ਰਹੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਨੀਤੀ ਅਨੁਸਾਰ ਪੀੜਤ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇਗੀ। (ਪ੍ਰੈਸ ਨੋਟ)

ABOUT THE AUTHOR

...view details